ਸ਼ਰਾਬ ਦੇ ਨਾਕੇ ’ਤੇ ਬੈਰੀਅਰ ਨਾਲ ਟਕਰਾਈ ਬਾਈਕ, ਇਕ ਨੌਜਵਾਨ ਦੀ ਮੌਤ, ਪਰਿਵਾਰਕ ਮੈਂਬਰਾਂ ਵੱਲੋਂ ਹੰਗਾਮਾ
ਸ਼ਰਾਬ ਦੇ ਨਾਕੇ ’ਤੇ ਬੈਰੀਅਰ ਨਾਲ ਟਕਰਾਈ ਬਾਈਕ, ਇਕ ਨੌਜਵਾਨ ਦੀ ਮੌਤ,
Publish Date: Sat, 10 Jan 2026 06:55 PM (IST)
Updated Date: Sat, 10 Jan 2026 06:57 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਪੰਚਕੂਲਾ : ਸੈਕਟਰ 7/18 ਡਿਵਾਈਡਿੰਗ ਰੋਡ ’ਤੇ ਲੱਗੇ ਡਰਿੰਕ ਐਂਡ ਡਰਾਈਵ ਨਾਕੇ ’ਤੇ ਸ਼ੁੱਕਰਵਾਰ ਰਾਤ ਇਕ ਸੜਕ ਹਾਦਸਾ ਹੋ ਗਿਆ। ਚੰਡੀਗੜ੍ਹ ਤੋਂ ਪੰਚਕੂਲਾ ਵੱਲ ਆ ਰਹੀ ਇਕ ਬਾਈਕ ਬੈਰੀਅਰ ਨਾਲ ਟਕਰਾ ਗਈ। ਬਾਈਕ ’ਤੇ ਸੈਕਟਰ-25, ਚੰਡੀਗੜ੍ਹ ਦੀ ਕਾਲੋਨੀ ਦੇ ਤਿੰਨ ਨੌਜਵਾਨ ਸਵਾਰ ਸਨ। ਇਨ੍ਹਾਂ ਵਿਚੋਂ ਪਿੱਛੇ ਬੈਠਾ ਨੌਜਵਾਨ ਹਨੀ ਇਸ ਘਟਨਾ ਦੌਰਾਨ ਸੜਕ ’ਤੇ ਡਿੱਗ ਗਿਆ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉੱਥੇ ਹੀ ਬਾਈਕ ਚਲਾ ਰਹੇ ਵਿਸ਼ਾਲ ਦੇ ਹੱਥ ਨੂੰ ਬੈਰੀਅਰ ਨਾਲ ਟਕਰਾਉਣ ਕਾਰਨ ਸੱਟ ਲੱਗੀ। ਉਨ੍ਹਾਂ ਨਾਲ ਇਕ ਹੋਰ ਨੌਜਵਾਨ ਲਕਸ਼ਿਤ ਵੀ ਬਾਈਕ ’ਤੇ ਸਵਾਰ ਸੀ। ਜ਼ਖ਼ਮੀ ਹਨੀ ਨੂੰ ਇਲਾਜ ਲਈ ਸੈਕਟਰ 6 ਸਥਿਤ ਨਾਗਰਿਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ’ਤੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ ਅਤੇ ਰਾਤ ਨੂੰ ਹੀ ਉੱਥੇ ਹੰਗਾਮਾ ਕਰ ਦਿੱਤਾ। ਸ਼ਨਿਚਰਵਾਰ ਸਵੇਰੇ ਚੰਡੀਗੜ੍ਹ ਤੋਂ ਕਾਫ਼ੀ ਲੋਕ ਸੈਕਟਰ ਇਕ ਸਥਿਤ ਡੀਸੀਪੀ ਦਫ਼ਤਰ ਪਹੁੰਚ ਗਏ। ਉੱਥੇ ਏਸੀਪੀ ਦਿਨੇਸ਼ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਨਿਰਪੱਖ ਕਾਰਵਾਈ ਦਾ ਭਰੋਸਾ ਦਿੱਤਾ। ਸ਼ਨਿਚਰਵਾਰ ਸ਼ਾਮ 4:30 ਵਜੇ ਤੱਕ ਪਰਿਵਾਰਕ ਮੈਂਬਰ ਸੈਕਟਰ 7 ਥਾਣੇ ਵਿਚ ਡਟੇ ਰਹੇ। ਪਰਿਵਾਰਕ ਮੈਂਬਰਾਂ ਦਾ ਦੋਸ਼ ਸੀ ਕਿ ਨਾਕੇ ’ਤੇ ਤਾਇਨਾਤ ਪੁਲਿਸ ਕਰਮਚਾਰੀ ਨੇ ਜਾਣ-ਬੁੱਝ ਕੇ ਬੈਰੀਕੇਡ ਬਾਈਕ ਦੇ ਸਾਹਮਣੇ ਅੜਾ ਦਿੱਤਾ, ਜਿਸ ਕਾਰਨ ਹਨੀ ਦੀ ਮੌਤ ਹੋਈ ਹੈ। ਏਸੀਪੀ ਦਿਨੇਸ਼ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਵਿਚ ਇਹ ਪੁਸ਼ਟੀ ਹੋਈ ਹੈ ਕਿ ਤਿੰਨੇ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ। ਉਨ੍ਹਾਂ ਨੇ ਹੈਲਮਟ ਵੀ ਨਹੀਂ ਪਾਇਆ ਹੋਇਆ ਸੀ। ਬਾਈਕ ਚਲਾਉਣ ਵਾਲੇ ਵਿਸ਼ਾਲ ਖ਼ਿਲਾਫ਼ ਲਾਪਰਵਾਹੀ ਨਾਲ ਵਾਹਨ ਚਲਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਆਧਾਰ ’ਤੇ ਨਿਰਪੱਖ ਕਾਰਵਾਈ ਕੀਤੀ ਜਾਵੇਗੀ।