ਪਿੰਡ ਭਾਂਖਰਪੁਰ ਦੀ ਪੰਚਾਇਤ ਦਾ ਵੱਡਾ ਫ਼ੈਸਲਾ, ਅਣ-ਅਧਿਕਾਰਤ ਕਾਲੋਨੀਆਂ ਵਿਰੁੱਧ ਸਖ਼ਤ ਰੁਖ਼
ਪਿੰਡ ਭਾਂਖਰਪੁਰ ਦੀ ਪੰਚਾਇਤ ਦਾ ਵੱਡਾ ਫ਼ੈਸਲਾ, ਅਣ-ਅਧਿਕਾਰਤ ਕਾਲੋਨੀਆਂ ਵਿਰੁੱਧ ਸਖ਼ਤ ਰੁਖ਼
Publish Date: Wed, 31 Dec 2025 06:59 PM (IST)
Updated Date: Wed, 31 Dec 2025 07:02 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਬਲਾਕ ਅਧੀਨ ਪੈਂਦੇ ਪਿੰਡ ਭਾਂਖਰਪੁਰ ਦੀ ਪੰਚਾਇਤ ਨੇ ਖੇਤਰ ’ਚ ਲਗਾਤਾਰ ਵਧ ਰਹੀਆਂ ਅਣ-ਅਧਿਕਾਰਤ ਕਾਲੋਨੀਆਂ ਨੂੰ ਰੋਕਣ ਲਈ ਇਕ ਅਹਿਮ ਫ਼ੈਸਲਾ ਲਿਆ ਹੈ। ਪੰਚਾਇਤ ਵੱਲੋਂ ਕਾਲੋਨਾਈਜ਼ਰਾਂ ਨੂੰ ਸਖ਼ਤ ਅਪੀਲ ਕੀਤੀ ਗਈ ਹੈ ਕਿ ਪਿੰਡ ਦੀ ਹੱਦ ਅੰਦਰ ਨਿਯਮਾਂ ਦੇ ਉਲਟ ਜਾ ਕੇ ਕੋਈ ਵੀ ਅਣ-ਅਧਿਕਾਰਤ ਕਾਲੋਨੀ ਨਾ ਕੱਟੀ ਜਾਵੇ। ‘‘‘‘‘‘‘‘‘‘‘‘‘‘‘ ਡੱਬੀ.. ਅਣ-ਅਧਿਕਾਰਤ ਕਾਲੋਨੀ ਦੇ ਵਿਕਾਸ ਕਾਰਜਾਂ ਤੇ ਲਾਈ ਪਾਬੰਦੀ ਪਿੰਡ ਭਾਂਖਰਪੁਰ ਦੀ ਸਰਪੰਚ ਮਨਦੀਪ ਕੌਰ ਨੇ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਹੈ ਕਿ ਕਿਸੇ ਵੀ ਅਣ-ਅਧਿਕਾਰਤ ਕਾਲੋਨੀ ਵਿਚ ਪੰਚਾਇਤ ਵੱਲੋਂ ਕੋਈ ਵੀ ਸਰਕਾਰੀ ਸਹੂਲਤ ਮੁਹੱਈਆ ਨਹੀਂ ਕਰਵਾਈ ਜਾਵੇਗੀ। ਜਿਸ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ, ਸੀਵਰੇਜ ਸਿਸਟਮ ਦਾ ਪ੍ਰਬੰਧ, ਪੱਕੀਆਂ ਗਲੀਆਂ ਅਤੇ ਨਾਲੀਆਂ ਦਾ ਨਿਰਮਾਣ, ਬਿਜਲੀ ਅਤੇ ਹੋਰ ਬੁਨਿਆਦੀ ਢਾਂਚੇ ਨਾਲ ਸਬੰਧਤ ਵਿਕਾਸ ਕਾਰਜ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਲੋਨਾਈਜ਼ਰ ਪਿੰਡ ਭਾਂਖਰਪੁਰ ਵਿਚ ਕਾਲੋਨੀ ਕੱਟਦਾ ਹੈ ਤਾਂ ਉਹ ਪੰਜਾਬ ਸਰਕਾਰ ਅਤੇ ਪੁੱਡਾ ਵਿਭਾਗ ਦੇ ਨਿਯਮਾਂ ਦੀ ਪਾਲਣਾ ਕਰਕੇ ਹੀ ਕਾਲੋਨੀ ਦਾ ਨਿਰਮਾਣ ਕਰੇ। ਜਿਸ ਵਿਚ 35 ਫੁੱਟ ਦੀਆਂ ਸੜਕਾਂ ਅਤੇ ਘੱਟੋ ਘੱਟ 100 ਗਜ ਦੇ ਪਲਾਟ ਸ਼ਾਮਲ ਹੋਣੇ ਲਾਜ਼ਮੀ ਹਨ। ਜੇਕਰ ਕੋਈ ਵੀ ਕਾਲੋਨਾਈਜ਼ਰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਕੇ ਕਾਲੋਨੀ ਕੱਟੇਗਾ ਤਾਂ ਉਸ ਦਾ ਜ਼ਿੰਮੇਵਾਰ ਕਾਲੋਨਾਈਜ਼ਰ ਅਤੇ ਉਸ ਕਾਲੋਨੀ ਵਿਚ ਪਲਾਟ ਲੈਣ ਵਾਲੇ ਵਿਅਕਤੀ ਖ਼ੁਦ ਹੋਣਗੇ। ਇਸ ਮੌਕੇ ਕਰਮਜੀਤ ਕੌਰ ਪੰਚ, ਹਰਪ੍ਰੀਤ ਕੌਰ ਪੰਚ, ਮਨਪ੍ਰੀਤ ਕੌਰ ਪੰਚ, ਦਵਿੰਦਰ ਸਿੰਘ ਪੰਚ, ਬਲਜਿੰਦਰ ਸਿੰਘ ਪੰਚ, ਗੁਰਮੀਤ ਸਿੰਘ ਪੰਚ, ਭੁਪਿੰਦਰ ਸਿੰਘ ਪੰਚ ਸਮੇਤ ਅਨੇਕਾਂ ਪਿੰਡ ਵਾਸੀ ਮੌਜੂਦ ਸਨ। ‘‘‘‘‘‘‘‘‘‘‘‘‘ ਡੱਬੀ.. ਖ਼ਰੀਦਦਾਰਾਂ ਅਤੇ ਕਾਲੋਨਾਈਜ਼ਰਾਂ ਨੂੰ ਚੇਤਾਵਨੀ ਪਿੰਡ ਦੀ ਪੰਚਾਇਤ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਕਾਲੋਨਾਈਜ਼ਰ ਨਿਯਮਾਂ ਦੀ ਉਲੰਘਣਾ ਕਰਕੇ ਪਲਾਟ ਵੇਚਦਾ ਹੈ ਜਾਂ ਕੋਈ ਵਿਅਕਤੀ ਅਜਿਹੀ ਕਾਲੋਨੀ ਵਿਚ ਪਲਾਟ ਖ਼ਰੀਦਦਾ ਹੈ, ਤਾਂ ਉਹ ਖ਼ੁਦ ਜ਼ਿੰਮੇਵਾਰ ਹੋਣਗੇ। ਪੰਚਾਇਤ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਯੋਜਨਾਬੱਧ ਵਿਕਾਸ ਲਈ ਵਚਨਬੱਧ ਹਨ। ਅਣ-ਅਧਿਕਾਰਤ ਕਾਲੋਨੀਆਂ ਕਾਰਨ ਪਿੰਡ ਦੇ ਸਰੋਤਾਂ ਤੇ ਵਾਧੂ ਬੋਝ ਪੈਂਦਾ ਹੈ ਅਤੇ ਬਾਅਦ ਵਿਚ ਲੋਕਾਂ ਨੂੰ ਸਹੂਲਤਾਂ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਫ਼ੈਸਲੇ ਨਾਲ ਪੰਚਾਇਤ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਭਵਿੱਖ ਵਿਚ ਕਿਸੇ ਵੀ ਗ਼ੈਰ-ਕਾਨੂੰਨੀ ਉਸਾਰੀ ਲਈ ਸਰਕਾਰੀ ਫੰਡਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ।