ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ’ਤੇ ਇੱਕ ਦਿਲਚਸਪ ਅਤੇ ਤਨਜ਼ ਭਰਿਆ ਟਵੀਟ ਕਰਕੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ। ਉਨ੍ਹਾਂ ਦਾ ਇਹ ਟਵੀਟ ਠੀਕ ਉਸ ਸਮੇਂ ਆਇਆ ਜਦੋਂ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਰਾਘਵ ਚੱਢਾ ਸਮੇਤ ਸੱਤ ਸੰਸਦ ਮੈਂਬਰ ਭਾਜਪਾ ਵਿੱਚ ਸ਼ਾਮਲ ਹੋ ਗਏ।

ਰੋਹਿਤ ਕੁਮਾਰ, ਚੰਡੀਗੜ੍ਹ: ਆਮ ਆਦਮੀ ਪਾਰਟੀ (AAP) ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ’ਤੇ ਇੱਕ ਦਿਲਚਸਪ ਅਤੇ ਤਨਜ਼ ਭਰਿਆ ਟਵੀਟ ਕਰਕੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ। ਉਨ੍ਹਾਂ ਦਾ ਇਹ ਟਵੀਟ ਠੀਕ ਉਸ ਸਮੇਂ ਆਇਆ ਜਦੋਂ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਰਾਘਵ ਚੱਢਾ ਸਮੇਤ ਸੱਤ ਸੰਸਦ ਮੈਂਬਰ ਭਾਜਪਾ ਵਿੱਚ ਸ਼ਾਮਲ ਹੋ ਗਏ।
ਮੁੱਖ ਮੰਤਰੀ ਮਾਨ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ “ਅਦਰਕ, ਲਸਣ, ਜੀਰਾ, ਮੇਥੀ ਪਾਊਡਰ, ਲਾਲ ਮਿਰਚ, ਕਾਲੀ ਮਿਰਚ ਅਤੇ ਧਨੀਆ — ਇਹ ਸੱਤ ਚੀਜ਼ਾਂ ਮਿਲ ਕੇ ਸਬਜ਼ੀ ਨੂੰ ਸੁਆਦੀ ਬਣਾ ਦਿੰਦੀਆਂ ਹਨ, ਪਰ ਇਨ੍ਹਾਂ ਦੀ ਆਪਣੀ ਕੋਈ ਸਬਜ਼ੀ ਨਹੀਂ ਬਣ ਸਕਦੀ।” ਉਨ੍ਹਾਂ ਦੇ ਇਸ ਬਿਆਨ ਨੂੰ ਸਿੱਧੇ ਤੌਰ ’ਤੇ ਉਨ੍ਹਾਂ ਸੱਤ ਨੇਤਾਵਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਨੇ ਪਾਰਟੀ ਛੱਡੀ ਹੈ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਮਾਨ ਦਾ ਇਹ ਟਵੀਟ ਇੱਕ ਪ੍ਰਤੀਕਾਤਮਕ ਹਮਲਾ ਹੈ, ਜਿਸ ਵਿੱਚ ਉਨ੍ਹਾਂ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕੁਝ ਨੇਤਾ ਮਿਲ ਕੇ ਭਾਵੇਂ ਕਿਸੇ ਵਿਵਸਥਾ ਨੂੰ ਮਜ਼ਬੂਤ ਕਰਨ, ਪਰ ਇਕੱਲਿਆਂ ਉਨ੍ਹਾਂ ਦੀ ਸਿਆਸੀ ਪਛਾਣ ਟਿਕਾਊ ਨਹੀਂ ਹੁੰਦੀ।
ਵੱਡਾ ਸਿਆਸੀ ਉਲਟਫੇਰ:
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ‘ਆਪ’ ਦੇ ਸੱਤ ਰਾਜ ਸਭਾ ਮੈਂਬਰ — ਰਾਘਵ ਚੱਢਾ, ਪਦਮਸ਼੍ਰੀ ਰਾਜਿੰਦਰ ਗੁਪਤਾ, ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਨੀ, ਐਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਸੰਦੀਪ ਪਾਠਕ ਅਤੇ ਸਵਾਤੀ ਮਾਲੀਵਾਲ — ਭਾਜਪਾ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੈਂਬਰ ਪੰਜਾਬ ਤੋਂ ਰਾਜ ਸਭਾ ਪਹੁੰਚੇ ਸਨ।
ਇਸ ਵੱਡੀ ਘਟਨਾ ਤੋਂ ਬਾਅਦ ਰਾਜ ਸਭਾ ਵਿੱਚ ‘ਆਪ’ ਦੀ ਤਾਕਤ 10 ਤੋਂ ਘਟ ਕੇ ਸਿਰਫ਼ ਤਿੰਨ ਰਹਿ ਗਈ ਹੈ। ਹੁਣ ਸਦਨ ਵਿੱਚ ਪਾਰਟੀ ਵੱਲੋਂ ਸੰਜੇ ਸਿੰਘ, ਐਨ.ਡੀ. ਗੁਪਤਾ ਅਤੇ ਸੰਤ ਸੀਚੇਵਾਲ ਹੀ ਮੈਂਬਰ ਬਚੇ ਹਨ। ਪੰਜਾਬ ਤੋਂ ਹੁਣ ਕੇਵਲ ਸੰਤ ਸੀਚੇਵਾਲ ਹੀ ਇਕਲੌਤੇ ‘ਆਪ’ ਸੰਸਦ ਮੈਂਬਰ ਰਹਿ ਗਏ ਹਨ।
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਘਵ ਚੱਢਾ ਨੇ ਕਿਹਾ ਕਿ ਸੱਤਾਂ ਮੈਂਬਰਾਂ ਦੇ ਦਸਤਖਤਾਂ ਨਾਲ ਦੋ-ਤਿਹਾਈ ਮੈਂਬਰਾਂ ਦੇ ਰਲੇਵੇਂ (Merger) ਦਾ ਨੋਟਿਸ ਰਾਜ ਸਭਾ ਦੇ ਚੇਅਰਮੈਨ ਨੂੰ ਸੌਂਪ ਦਿੱਤਾ ਗਿਆ ਹੈ। ਇਸ ਕਦਮ ਤੋਂ ਬਾਅਦ ਭਾਜਪਾ ਦੀ ਰਾਜ ਸਭਾ ਵਿੱਚ ਗਿਣਤੀ ਵਧ ਕੇ 113 ਹੋ ਗਈ ਹੈ, ਜਦਕਿ ਐਨਡੀਏ (NDA) ਦਾ ਅੰਕੜਾ 146 ਤੱਕ ਪਹੁੰਚ ਗਿਆ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਇਹ ਰਲੇਵਾਂ ਸੰਵਿਧਾਨ ਦੀ ਦਸਵੀਂ ਅਨੁਸੂਚੀ ਤਹਿਤ ਜਾਇਜ਼ ਮੰਨਿਆ ਜਾਵੇਗਾ, ਇਸ ਲਈ ਇਨ੍ਹਾਂ ਸੰਸਦ ਮੈਂਬਰਾਂ ਦੀ ਮੈਂਬਰਸ਼ਿਪ 'ਤੇ ਕੋਈ ਖਤਰਾ ਨਹੀਂ ਹੈ। ਭਗਵੰਤ ਮਾਨ ਦਾ ਇਹ ਟਵੀਟ ਹੁਣ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।