ਅਰਵਿੰਦ ਖੰਨਾ ਦਾ ਸਰਕਾਰ ਨੂੰ ਸਿੱਧਾ ਸਵਾਲ: 10 ਲੱਖ ਦੇ ਮੈਡੀਕਲ ਕਵਰ ਲਈ ਬਜਟ ਕਿੱਥੇ ਹੈ? ਸਿਹਤ ਸਹੂਲਤਾਂ ਦੇ ਦਾਅਵਿਆਂ 'ਤੇ ਘੇਰੀ ਸੂਬਾ ਸਰਕਾਰ
ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਪੰਜਾਬੀਆਂ ਨਾਲ ਖਿਲਵਾੜ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸਹੂਲਤ ਦੇਣ ਦਾ ਵਾਅਦਾ ਕੀਤਾ ਸੀ ਪਰ ਹਕੀਕਤ ਵਿਚ ਸਿਰਫ ਇਕ ਲੱਖ ਰੁਪਏ ਦਾ ਬੀਮਾ ਦਿੱਤਾ ਗਿਆ ਹੈ।
Publish Date: Sun, 25 Jan 2026 09:38 AM (IST)
Updated Date: Sun, 25 Jan 2026 09:41 AM (IST)

ਸਟੇਟ ਬਿਊਰੋ, ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਪੰਜਾਬੀਆਂ ਨਾਲ ਖਿਲਵਾੜ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸਹੂਲਤ ਦੇਣ ਦਾ ਵਾਅਦਾ ਕੀਤਾ ਸੀ ਪਰ ਹਕੀਕਤ ਵਿਚ ਸਿਰਫ ਇਕ ਲੱਖ ਰੁਪਏ ਦਾ ਬੀਮਾ ਦਿੱਤਾ ਗਿਆ ਹੈ।
ਖੰਨਾ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਚਾਰ ਦੇ ਹਥਕੰਡੇ ਅਪਣਾਏ ਜਾ ਰਹੇ ਹਨ। ਸਰਕਾਰ ਨੇ ਸਿਹਤ ਖੇਤਰ ਲਈ ਆਪਣੇ ਬਜਟ ਵਿਚ 761 ਕਰੋੜ ਰੁਪਏ ਰੱਖੇ ਸਨ ਪਰ ਕਿਸੇ ਨੂੰ ਵੀ ਮੈਡੀਕਲ ਕਵਰ ਦਾ ਲਾਭ ਨਹੀਂ ਦਿੱਤਾ ਗਿਆ। ਸਰਕਾਰ ਆਯੂਸ਼ਮਾਨ ਭਾਰਤ ਯੋਜਨਾ ਵਿਚ ਆਪਣੇ ਹਿੱਸੇ ਦੇ 200 ਕਰੋੜ ਰੁਪਏ ਦਾ ਭੁਗਤਾਨ ਨਹੀਂ ਕਰ ਸਕੀ ਏ, ਇਸ ਕਾਰਨ 15 ਲੱਖ ਲੋਕਾਂ ਨੂੰ ਮੈਡੀਕਲ ਰਾਹਤ ਪ੍ਰਦਾਨ ਕਰਨ ਵਾਲੀ ਇਹ ਯੋਜਨਾ ਪ੍ਰਭਾਵਤ ਹੋਈ ਹੈ। ਜੇ ਸਰਕਾਰ ਪ੍ਰਤੀ ਵਿਅਕਤੀ 10 ਲੱਖ ਰੁਪਏ ਤੱਕ ਦਾ ਮੈਡੀਕਲ ਬੀਮਾ ਕਵਰ ਦੇਣ ਦੇ ਲਈ ਗੰਭੀਰ ਹੈ, ਤਾਂ ਇਸ ਨੂੰ 10 ਹਜ਼ਾਰ ਕਰੋੜ ਰੁਪਏ ਦਾ ਬਜਟ ਇੰਤਜ਼ਾਮ ਕਰਨਾ ਪਵੇਗਾ।
ਭਾਜਪਾ ਦੇ ਆਗੂ ਨੇ ਕਿਹਾ ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਉਹ 1200 ਕਰੋੜ ਰੁਪਏ ਖਰਚ ਕਰਕੇ ਇਸ ਯੋਜਨਾ ਨੂੰ ਚਲਾਏਗੀ। ਇਹ ਇਸ ਲਈ ਹੈ ਕਿਉਂਕਿ ਇਸ ਯੋਜਨਾ ਦੇ ਤਹਿਤ ਪ੍ਰਤੀ ਵਿਅਕਤੀ ਸਿਰਫ 1 ਲੱਖ ਰੁਪਏ ਦਾ ਮੈਡੀਕਲ ਬੀਮਾ ਕਵਰ ਦਿੱਤਾ ਗਿਆ ਹੈ ਤੇ ਸਰਕਾਰ ਨੇ ਸੂਬਾਈ ਸਿਹਤ ਮਿਸ਼ਨ ਦੇ ਫੰਡ ਤੋਂ ਹੋਰ ਦਾਅਵਿਆਂ ਦਾ ਭੁਗਤਾਨ ਕਰਨ ਦਾ ਵਾਅਦਾ ਕੀਤਾ ਹੈ, ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਪੰਜਾਬੀਆਂ ਨੂੰ ਸਿਰਫ ਇਕ ਲੱਖ ਰੁਪਏ ਦਾ ਮੈਡੀਕਲ ਬੀਮਾ ਕਵਰ ਮਿਲੇਗਾ।