ਚੰਡੀਗੜ੍ਹ ਦੀ ਧੀ ਦਾ ਸ਼ਾਨਦਾਰ ਪ੍ਰਦਰਸ਼ਨ, ਆਰਿਤਾ ਆਹੂਜਾ ਬਣੀ ਦੇਸ਼ ਦੀ ਸਰਵੋਤਮ ਐੱਨਸੀਸੀ ਕੈਡੇਟ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸਨਮਾਨਿਤ
ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਸਮਾਰੋਹ ਦੌਰਾਨ ਐੱਨਸੀਸੀ ਪਰੇਡ ਵਿਚ ਚੰਡੀਗੜ੍ਹ ਦੀ ਧੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਸੈਕਟਰ-9 ਸਥਿਤ ਕਾਰਮਲ ਕਾਨਵੈਂਟ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਆਰਿਤਾ ਆਹੂਜਾ ਨੂੰ ਗਣਤੰਤਰ ਦਿਵਸ ਪਰੇਡ 2026 ਵਿਚ 'ਬੈਸਟ ਐੱਨਸੀਸੀ ਕੈਡੇਟ' ਚੁਣਿਆ ਗਿਆ ਹੈ। ਆਰਿਤਾ ਬੀਤੇ ਕਰੀਬ ਇਕ ਮਹੀਨੇ ਤੋਂ ਦਿੱਲੀ ਵਿਚ ਆਰਡੀ ਪਰੇਡ ਦੀ ਐੱਨਸੀਸੀ ਯੂਨਿਟ ਦਾ ਹਿੱਸਾ ਸੀ। ਉਸ ਨੇ ਆਪਣੇ ਆਲਰਾਊਂਡਰ ਪ੍ਰਦਰਸ਼ਨ ਦੇ ਦਮ 'ਤੇ ਇਹ ਵੱਕਾਰੀ ਖਿਤਾਬ ਹਾਸਲ ਕੀਤਾ।
Publish Date: Sat, 31 Jan 2026 01:17 PM (IST)
Updated Date: Sat, 31 Jan 2026 01:20 PM (IST)
ਡਾ. ਸੁਮਿਤ ਸ਼ਿਓਰਾਣ, ਪੰਜਾਬੀ ਜਾਗਰਣ, ਚੰਡੀਗੜ੍ਹ। ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਸਮਾਰੋਹ ਦੌਰਾਨ ਐੱਨਸੀਸੀ ਪਰੇਡ ਵਿਚ ਚੰਡੀਗੜ੍ਹ ਦੀ ਧੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਸੈਕਟਰ-9 ਸਥਿਤ ਕਾਰਮਲ ਕਾਨਵੈਂਟ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਆਰਿਤਾ ਆਹੂਜਾ ਨੂੰ ਗਣਤੰਤਰ ਦਿਵਸ ਪਰੇਡ 2026 ਵਿਚ 'ਬੈਸਟ ਐੱਨਸੀਸੀ ਕੈਡੇਟ' ਚੁਣਿਆ ਗਿਆ ਹੈ।
ਆਰਿਤਾ ਬੀਤੇ ਕਰੀਬ ਇਕ ਮਹੀਨੇ ਤੋਂ ਦਿੱਲੀ ਵਿਚ ਆਰਡੀ ਪਰੇਡ ਦੀ ਐੱਨਸੀਸੀ ਯੂਨਿਟ ਦਾ ਹਿੱਸਾ ਸੀ। ਉਸ ਨੇ ਆਪਣੇ ਆਲਰਾਊਂਡਰ ਪ੍ਰਦਰਸ਼ਨ ਦੇ ਦਮ 'ਤੇ ਇਹ ਵੱਕਾਰੀ ਖਿਤਾਬ ਹਾਸਲ ਕੀਤਾ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਿਤਾ ਨੂੰ ਆਪਣੇ ਹੱਥਾਂ ਨਾਲ 'ਬੈਸਟ ਕੈਡੇਟ ਮੈਡਲ' ਅਤੇ 'ਬੈਟਨ' ਭੇਟ ਕਰਕੇ ਸਨਮਾਨਿਤ ਕੀਤਾ।
ਸਫ਼ਲਤਾ ਦਾ ਸਿਹਰਾ ਅਧਿਆਪਕਾਂ ਅਤੇ ਪਰਿਵਾਰ ਸਿਰ
ਵਿਸ਼ੇਸ਼ ਗੱਲਬਾਤ ਦੌਰਾਨ ਆਰਿਤਾ ਨੇ ਕਿਹਾ ਕਿ ਕਿਸੇ ਵੀ ਐੱਨਸੀਸੀ ਕੈਡੇਟ ਲਈ ਆਰਡੀ ਪਰੇਡ ਵਿਚ ਇਹ ਪੁਰਸਕਾਰ ਮਿਲਣਾ ਸਭ ਤੋਂ ਵੱਡਾ ਸਨਮਾਨ ਹੈ। ਉਸ ਨੇ ਆਪਣੀ ਸਫ਼ਲਤਾ ਦਾ ਸਿਹਰਾ ਸਕੂਲ ਦੇ ਅਧਿਆਪਕਾਂ, ਐੱਨਸੀਸੀ ਅਫ਼ਸਰਾਂ ਅਤੇ ਆਪਣੇ ਪਰਿਵਾਰ ਨੂੰ ਦਿੱਤਾ। ਜ਼ਿਕਰਯੋਗ ਹੈ ਕਿ ਕਾਰਮਲ ਕਾਨਵੈਂਟ ਦੀ ਹੀ ਇਕ ਹੋਰ ਵਿਦਿਆਰਥਣ ਨੇ 2023 ਵਿਚ ਵੀ ਇਹ ਮਾਣ ਹਾਸਲ ਕੀਤਾ ਸੀ। ਸਕੂਲ ਦੀ ਪ੍ਰਿੰਸੀਪਲ ਸਿਸਟਰ ਸ਼ਾਂਤਾ ਅਤੇ ਏਐੱਨਓ ਪ੍ਰੀਤੀ ਸਵਾਮੀ ਨੇ ਆਰਿਤਾ ਨੂੰ ਇਸ ਵੱਡੀ ਪ੍ਰਾਪਤੀ 'ਤੇ ਵਧਾਈ ਦਿੱਤੀ ਹੈ।
ਐੱਨਸੀਸੀ ਅਫ਼ਸਰ ਪ੍ਰੀਤੀ ਸਵਾਮੀ ਨੂੰ ਮਿਲਿਆ 'ਡੀਜੀ ਮੈਡਲ'
ਸੈਕਟਰ-9 ਕਾਰਮਲ ਕਾਨਵੈਂਟ ਸਕੂਲ ਦੀ ਐੱਨਸੀਸੀ ਏਐੱਨਓ (ਥਰਡ ਅਫ਼ਸਰ) ਪ੍ਰੀਤੀ ਸਵਾਮੀ ਨੂੰ ਵੀ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਸਨਮਾਨ ਮਿਲਿਆ ਹੈ। ਉਨ੍ਹਾਂ ਨੂੰ 'ਡੀਜੀ ਐੱਨਸੀਸੀ ਮੈਡਲੀਅਨ' (ਡਾਇਰੈਕਟਰ ਜਨਰਲ ਮੈਡਲ) ਨਾਲ ਨਿਵਾਜਿਆ ਗਿਆ। ਇਹ ਮੈਡਲ ਉਨ੍ਹਾਂ ਨੂੰ ਡਾਇਰੈਕਟਰ ਜਨਰਲ ਐੱਨਸੀਸੀ ਲੈਫਟੀਨੈਂਟ ਜਨਰਲ ਵੀਰੇਂਦਰ ਵਤਸ ਦੇ ਹੱਥੋਂ ਪ੍ਰਾਪਤ ਹੋਇਆ। ਪ੍ਰੀਤੀ ਸਵਾਮੀ ਪਿਛਲੇ ਕਈ ਸਾਲਾ ਤੋਂ ਸਕੂਲ ਵਿਚ ਵਿਦਿਆਰਥਣਾਂ ਨੂੰ ਭਵਿੱਖ ਦੇ ਅਫ਼ਸਰ ਵਜੋਂ ਤਿਆਰ ਕਰਨ ਵਿਚ ਜੁਟੇ ਹੋਏ ਹਨ।