ਮਨਜੀਤਪਾਲ ਉਰਫ਼ ਬੰਟੀ ਦੀ ਅਗਾਊਂ ਜ਼ਮਾਨਤ ਰੱਦ
ਇਮੀਗ੍ਰੇਸ਼ਨ ਧੋਖਾਧੜੀ ਮਾਮਲੇ 'ਚ ਮੁਲਜ਼ਮ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ
Publish Date: Thu, 04 Dec 2025 09:10 PM (IST)
Updated Date: Fri, 05 Dec 2025 04:18 AM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਧੋਖਾਧੜੀ ਤੇ ਇਮੀਗ੍ਰੇਸ਼ਨ ਐਕਟ ਤਹਿਤ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੁਲਜ਼ਮ ਮਨਜੀਤਪਾਲ ਉਰਫ਼ ਬੰਟੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਮੁਲਜ਼ਮ ਦੇ ਵਕੀਲਾਂ ਨੇ ਅਦਾਲਤ ’ਚ ਦਲੀਲ ਦਿੱਤੀ ਕਿ ਸ਼ਿਕਾਇਤਕਰਤਾ ਦਾ ਮਨਜੀਤਪਾਲ ਨਾਲ ਕੋਈ ਸਿੱਧਾ ਲੈਣ-ਦੇਣ ਨਹੀਂ ਹੋਇਆ ਤੇ ਪੈਸੇ ਅਜੈ ਕੁਮਾਰ ਨੂੰ ਦਿੱਤੇ ਗਏ ਸਨ। ਇਸ ਦੇ ਉਲਟ ਪ੍ਰੋਸੀਕਿਊਸ਼ਨ ਪੱਖ ਨੇ ਕਿਹਾ ਕਿ ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਧਮਕਾਇਆ ਸੀ ਤੇ ਇਮੀਗ੍ਰੇਸ਼ਨ ਦਾ ਦਫ਼ਤਰ ਵੀ ਉਸੇ ਦਾ ਸੀ। ਇਸ ਦੇ ਨਾਲ ਹੀ, 20-22 ਲੱਖ ਰੁਪਏ ਦੀ ਰਾਸ਼ੀ ਅਜੇ ਤੱਕ ਬਰਾਮਦ ਨਹੀਂ ਹੋਈ ਹੈ, ਜਿਸ ਲਈ ਹਿਰਾਸਤ ’ਚ ਪੁੱਛਗਿੱਛ ਜ਼ਰੂਰੀ ਹੈ। ਮਾਣਯੋਗ ਜੱਜ ਨੇ ਕਿਹਾ ਕਿ ਦੋਸ਼ ਗੰਭੀਰ ਹਨ ਤੇ ਜਾਂਚ ਦੇ ਇਸ ਪੜਾਅ ’ਤੇ ਮੁਲਜ਼ਮ ਤੋਂ ਹਿਰਾਸਤ ’ਚ ਪੁੱਛਗਿੱਛ ਬਹੁਤ ਜ਼ਰੂਰੀ ਹੈ। ਅਦਾਲਤ ਨੇ ਇਹ ਵੀ ਜ਼ਿਕਰ ਕੀਤਾ ਕਿ ਸਹਿ-ਮੁਲਜ਼ਮ ਦੀ ਅਗਾਊਂ ਜ਼ਮਾਨਤ ਅਰਜ਼ੀ ਪਹਿਲਾਂ ਹੀ ਖਾਰਜ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ ਅਦਾਲਤ ਨੇ ਮਨਜੀਤ ਪਾਲ ਉਰਫ਼ ਬੰਟੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ। ਬਾਕਸ ਇਹ ਹੈ ਪੂਰਾ ਮਾਮਲਾ : ਐੱਫਆਈਆਰ ਨੰ. 138 ਮਿਤੀ 30 ਜੁਲਾਈ 2025 ਨੂੰ ਥਾਣਾ ਮਟੌਰ ’ਚ ਦਰਜ ਕੀਤੀ ਗਈ ਸੀ। ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਬਰਾੜ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਤੇ ਉਸ ਦੇ ਦੋਸਤ ਨੂੰ ਨਿਊਜ਼ੀਲੈਂਡ ਭੇਜਣ ਦੇ ਨਾਂ ’ਤੇ 70 ਲੱਖ ਰੁਪਏ ਦੀ ਠੱਗੀ ਮਾਰੀ ਗਈ। ਇਸ ਰਾਸ਼ੀ ’ਚੋਂ 15 ਲੱਖ ਰੁਪਏ ਬੈਂਕ ਖਾਤੇ ’ਚ ਤੇ ਬਾਕੀ 55 ਲੱਖ ਰੁਪਏ ਨਕਦ ਦਿੱਤੇ ਗਏ ਸਨ, ਜਦੋਂ ਦੋਵੇਂ ਏਅਰਪੋਰਟ ਪਹੁੰਚੇ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਵੀਜ਼ੇ ਨਕਲੀ ਹਨ। ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮ ਮਨਜੀਤਪਾਲ ਉਰਫ਼ ਬੰਟੀ ਤੇ ਉਸ ਦੇ ਸਾਥੀਆਂ ਨੇ ਨਕਲੀ ਵੀਜ਼ਾ ਦੇ ਕੇ ਧੋਖਾਧੜੀ ਕੀਤੀ ਸੀ। ਬਾਅਦ ’ਚ ਆਈਪੀਸੀ ਦੀਆਂ ਧਾਰਾਵਾਂ 467, 468, 471 ਤੇ 473 ਵੀ ਜੋੜੀਆਂ ਗਈਆਂ ਸਨ।