ਆਪ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਵਲੋਂ ਪੁੱਛੇ ਗਏ ਸਵਾਲ ਦੇ ਮਾਮਲੇ ਵਿਚ ਅਮਨ ਅਰੋੜਾ ਨੇ ਸੂਬੇ ਦੀ ਅਫਸਰਸਾਹੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਹੜੇ ਸਰਕਾਰੀ ਸੀਟਾਂ ’ਤੇ ਬੈਠਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਦੋ ਦਿਨਾਂ ਇਜਲਾਸ ਦੇ ਪਹਿਲੇ ਦਿਨ ਹੁਕਮਰਾਨ ਧਿਰ ਦੇ ਕਈ ਵਿਧਾਇਕ ਸਰਕਾਰ ’ਤੇ ਭਾਰੀ ਪੈ ਗਏ। ਹਾਲਾਂਕਿ ਵਿਰੋਧੀ ਧਿਰ ਨੇ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ’ਤੇ ਘੇਰਨ ਦਾ ਯਤਨ ਕੀਤਾ ਪਰ ਕਈ ਮਾਮਲਿਆਂ ਵਿਚ ਆਪ ਦੇ ਵਿਧਾਇਕਾਂ ਨੇ ਸਰਕਾਰ ਨੂੰ ਘੇਰ ਲਿਆ। ਸਦਨ ਦੇ ਮੁਖੀ ਮੁੱਖ ਮੰਤਰੀ ਭਗਵੰਤ ਮਾਨ ਸੌਮਵਾਰ ਨੂੰ ਸਦਨ ਦੀ ਕਾਰਵਾਈ ਦੌਰਾਨ ਗੈਰਹਾਜ਼ਰ ਰਹੇ। ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਦੀ ਅੱਖ ਵਿਚ ਲਾਲੀ (ਬਲੱਡ) ਆ ਗਈ ਹੈ। ਸਿਹਤ ਖਰਾਬ ਹੋਣ ਕਰਕੇ ਮੁੱਖ ਮੰਤਰੀ ਸਦਨ ਵਿਚ ਨਹੀਂ ਆਏ ਜਿਸ ਕਰਕੇ ਉਹਨਾਂ ਦੀ ਗੈਰਹਾਜ਼ਰੀ ਵਿਚ ਕੈਬਨਿਟ ਮੰਤਰੀ ਤੇ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸਦਨ ਵਿਚ ਮੋਰਚਾ ਸੰਭਾਲੀ ਰੱਖਿਆ।
ਆਪ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਵਲੋਂ ਪੁੱਛੇ ਗਏ ਸਵਾਲ ਦੇ ਮਾਮਲੇ ਵਿਚ ਅਮਨ ਅਰੋੜਾ ਨੇ ਸੂਬੇ ਦੀ ਅਫਸਰਸਾਹੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਹੜੇ ਸਰਕਾਰੀ ਸੀਟਾਂ ’ਤੇ ਬੈਠਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ, ਉਹ ਮਾੜੀਆਂ ਆਦਤਾਂ ਛੱਡ ਦੇਣ ਨਹੀਂ ਤਾਂ ਤਨਖਾਹ ਤੋਂ ਪੈਨਸ਼ਨ ’ਤੇ ਲਿਆਉਣ ਨੰ ਬਹੁਤਾ ਸਮਾਂ ਨਹੀਂ ਲੱਗਣਾ। ਇੱਥੇ ਦੱਸਿਆ ਜਾਂਦਾ ਹੈ ਕਿ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਪ੍ਰਸ਼ਨਕਾਲ ਦੌਰਾਨ 80 ਹਜ਼ਾਰ ਤੋਂ ਘੱਟ ਆਮਦਨ ਵਾਲੇ ਵਿਅਕਤੀਆਂ ਦਾ ਇਨਕਮ ਟੈਕਸ ਸਰਟੀਫਿਕੇਟ ਬਣਾਉਣ ਦਾ ਮੁੱਦਾ ਚੁੱਕਿਆ ਸੀ। ਇਸਦੇ ਜਵਾਬ ਵਿਚ ਅਮਨ ਅਰੋੜਾ ਨੇ ਕਿਹਾ ਕਿ 80 ਹਜ਼ਾਰ ਦੀ ਕੋਈ ਸ਼ਰਤ ਨਹੀਂ ਹੈ। ਘੱਟ ਆਮਦਨ , ਇਥੋ ਤੱਕ ਕਿ ਸਿਫ਼ਰ ਆਮਦਨ ਦਾ ਵੀ ਸਰਟੀਫਿਕੇਟ ਬਣਦਾ ਹੈ। ਅਰੋੜਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਤਹਿਸੀਲਦਾਰ ਨੇ ਅਸਲ ਆਮਦਨ ਚੈੱਕ ਕਰਨ ਜਾਂ ਫਿਰ ਗ਼ਲਤ ਸਰਟੀਫਿਕੇਟ ਬਣਾਉਣ ਦੇ ਡਰ ਕਾਰਨ ਸੁਵਿਧਾ ਕੇਂਦਰ ਦੇ ਸਟਾਫ਼ ਨੂੰ ਅਰਜ਼ੀ ਨਾ ਲੈਣ ਦੀ ਗੱਲ ਕਹੀ ਹੋਵੇ।
ਅਰੋੜਾ ’ਤੇ ਟਿੱਪਣੀ ਕਰਦੇ ਹੋਏ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਜਿਹੜੇ ਤਹਿਸੀਲਦਾਰ ਨੇ ਕੰਮ ਨਹੀਂ ਕੀਤਾ, ਉਸਤੇ ’ਤੇ ਕੀ ਐਕਸ਼ਨ ਕੀਤਾ ਹੈ? ਇਸਦੇ ਜਵਾਬ ਵਿਚ ਅਰੋੜਾ ਨੇ ਕਿਹਾ ਕਿ ਉਹਨਾਂ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੂੰ ਪੁੱਛਿਆ, ਫਿਰ ਘੋਲੂ (ਜਿਸ ਵਿਅਕਤੀ ਦਾ ਕੰਮ ਸੀ) ਨੂੰ ਪੁੱਛਿਆ, ਫੇਰ ਡੀਸੀ ਨੂੰ ਵੀ ਨਾਮ ਬਾਰੇ ਪੁੱਛਿਆ ਪਰ ਪਤਾ ਨਹੀਂ ਲੱਗਿਆ। ਅਰੋੜਾ ਨੇ ਕਿਹਾ ਕਿ ਡੀਸੀ ਨੇ ਉਸ ਸਮੇਂ ਦੌਰਾਨ ਚਾਰ ਤਹਿਸੀਲਦਾਰਾਂ ਦੇ ਹਾਜ਼ਰ ਹੋਣ ਦੀ ਗੱਲ ਕਹੀ ਸੀ। ਇਸ ’ਤੇ ਰਾਣਾ ਨੇ ਫਿਰ ਟਿੱਪਣੀ ਕੀਤੀ। ਅਮਨ ਅਰੋੜਾ ਨੇ ਰਾਣਾ ਗੁਰਜੀਤ ਸਿੰਘ ਨੂੰ ਸਵਾਲ ਕੀਤਾ ਕਿ ਉਹ ਨਾਮ ਦੱਸਣ ਫਿਰ ਦੇਖੋ "ਛਾਲ ਨਾ ਚੁੱਕਾ ਦਿੱਤੀ ਤਾਂ ਅਮਨ ਨਾ ਕਹਿਓ।"
ਦਿਲਚਸਪ ਗੱਲ ਹੈ ਕਿ ਸਦਨ ਵਿਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹੀ ਫਰੀਦਕੋਟ ਵਿਚ ਆਕਸੀਜਨ ਪਲਾਂਟ ਨਾ ਚਾਲੂ ਹੋਣ ਦੀ ਗੱਲ ਕਹਿਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸਵਾਲ ਦੀ ਪ੍ਰੋੜਤਾ ਕਰ ਦਿੱਤੀ। ਆਪ ਦੇ ਵਿਧਾਇਕ ਕੁਲਵੰਤ ਸਿੰਘ ਨੇ ਅਫਸਰਾਂ ਵਲੋਂ ਚਿੱਠੀਆਂ ਦਾ ਜਵਾਬ ਨਾ ਦੇਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਬੂਥ ਬਣਾਉਣ ਨੂੰ 19 ਸਾਲ ਲੱਗ ਗਏ ਹੋਰ ਕਿੰਨਾਂ ਸਮਾਂ ਲੱਗੇਗਾ।
ਰਾਜਪੁਰਾ ਤੋਂ ਆਪ ਦੀ ਵਿਧਾਇਕਾ ਨੀਨਾ ਮਿੱਤਲ ਨੇ ਨਵੇਂ ਪੈਟਰੋਲ ਪੰਪ ਲਗਾਉਣ ਲਈ ਸਲਿੱਪ ਰੋਡ ਬਣਾਉਣ ਲਈ ਐਨ.ਓ.ਸੀ ਦੇਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਹਾਈਵੇਅ ਤੋਂ ਪੈਟਰੋਲ ਪੰਪ ਤੱਕ ਪਹੁੰਚਣ ਲਈ ਇੱਕ ਪਹੁੰਚ ਸੜਕ (ਸਲਿੱਪ ਰੋਡ) ਦੀ ਜਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੈਟਰੋਲ ਪੰਪ ਦੇ ਮਾਲਕਾਂ ਨੂੰ ਸਲਿੱਪ ਰੋਡ ਬਣਾਉਣ ਲਈ ਮੰਜੂਰੀ ਨਹੀਂ ਮਿਲ ਰਹੀ। ਉਨ੍ਹਾਂ ਨੂੰ ਢਾਈ ਸਾਲ ਪਹਿਲਾਂ ਇਹ ਨੀਤੀ ਬਣਾਉਣ ਬਾਰੇ ਕਿਹਾ ਗਿਆ ਸੀ। ਮਿੱਤਲ ਨੇ ਕਿਹਾ ਕਿ ਸਰਕਾਰ ਪਿਛਲੇ ਢਾਈ ਸਾਲਾਂ ਤੋਂ ਕੋਈ ਨੀਤੀ ਨਹੀਂ ਬਣਾ ਸਕੀ ਹੈ ਅਤੇ ਇਹ ਕਦੋਂ ਬਣੇਗੀ।
ਸੀਐੱਮ ਦੀ ਅੱਖ ’ਚ ਲਾਲੀ, ਨਹੀਂ ਪੁੱਜੇ ਸਦਨ ’ਚ
ਸਦਨ ਦੇ ਮੁਖੀ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਸਦਨ ਦੀ ਕਾਰਵਾਈ ’ਚੋਂ ਗ਼ੈਰ ਹਾਜ਼ਰ ਰਹੇ। ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਦੀ ਅੱਖ ’ਚ ਲਾਲੀ (ਬਲੱਡ) ਆ ਗਈ ਹੈ। ਸਿਹਤ ਖਰਾਬ ਹੋਣ ਕਰਕੇ ਮੁੱਖ ਮੰਤਰੀ ਸਦਨ ’ਚ ਨਹੀਂ ਆਏ। ਉਨ੍ਹਾਂ ਦੀ ਗ਼ੈਰ ਹਾਜ਼ਰੀ ’ਚ ਕੈਬਨਿਟ ਮੰਤਰੀ ਤੇ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸਦਨ ’ਚ ਮੋਰਚਾ ਸੰਭਾਲੀ ਰੱਖਿਆ। ਅੱਖਾਂ ਦੇ ਮਾਹਰ ਇਕ ਡਾਕਟਰ ਜੋ ਸਰਕਾਰ ’ਚ ਵਿਧਾਇਕ ਵੀ ਹਨ, ਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਵੱਧ ਜਾਣ ਜਾਂ ਅੱਖ ’ਚ ਕਿਸੇ ਚੀਜ਼ ਦੇ ਪੈ ਜਾਣ ਜਾਂ ਫਿਰ ਅੱਖ ਜ਼ਿਆਦਾ ਮਲਣ ਕਾਰਨ ਅੱਖ ’ਚ ਲਾਲੀ ਆ ਜਾਂਦੀ ਹੈ। ਡਾਕਟਰਾਂ ਦੀ ਸਲਾਹ ਮੁਤਾਬਿਕ ਮੁੱਖ ਮੰਤਰੀ ਸੋਮਵਾਰ ਨੂੰ ਸਦਨ ’ਚ ਨਹੀਂ ਪੁੱਜੇ।
ਡਾ. ਮਨਮੋਹਨ ਸਿੰਘ ਨੂੰ ਮਿਲੇ ਭਾਰਤ ਰਤਨ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਣ ਲਈ ਸਦਨ ’ਚ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜਣ ਦੀ ਗੱਲ ਕਹੀ। ਪਰ ਬਾਜਵਾ ਦੀ ਗੱਲ ਆਈ ਗਈ ਹੋ ਗਈ। ਸਦਨ ’ਚ ਕਾਂਗਰਸੀਆਂ ਨੇ ਵੀ ਬਾਜਵਾ ਦਾ ਸਾਥ ਨਹੀਂ ਦਿੱਤਾ।