ਪੈਰੀ ਦੀ ਹੱਤਿਆ ਤੋਂ ਪਹਿਲਾਂ ਕਥਿਤ ਆਡੀਓ ਕਾਲ ਸੋਸ਼ਲ ਮੀਡੀਆ ’ਤੇ ਵਾਇਰਲ , ਪੁਲਿਸ ਜਾਂਚ 'ਚ ਜੁਟੀ
ਚੰਡੀਗੜ੍ਹ ਗੈਂਗਵਾਰ ਵਿੱਚ ਮਾਰੇ ਗਏ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦੀ ਹੱਤਿਆ ਤੋਂ ਪਹਿਲਾਂ ਇੱਕ ਤਿੰਨ ਮਿੰਟ ਦੀ ਕਥਿਤ ਆਡੀਓ ਕਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸਨੂੰ ਲੈ ਕੇ ਪੁਲਿਸ ਨੇ ਸਾਈਬਰ ਸੈਲ ਨੂੰ ਸੱਚਾਈ ਦੀ ਜਾਂਚ ਕਰਨ ਲਈ ਕਿਹਾ ਹੈ।
Publish Date: Fri, 05 Dec 2025 06:57 PM (IST)
Updated Date: Fri, 05 Dec 2025 07:02 PM (IST)
ਸਟੇਟ ਬਿਊਰੋ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਗੈਂਗਵਾਰ ਵਿੱਚ ਮਾਰੇ ਗਏ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦੀ ਹੱਤਿਆ ਤੋਂ ਪਹਿਲਾਂ ਇੱਕ ਤਿੰਨ ਮਿੰਟ ਦੀ ਕਥਿਤ ਆਡੀਓ ਕਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸਨੂੰ ਲੈ ਕੇ ਪੁਲਿਸ ਨੇ ਸਾਈਬਰ ਸੈਲ ਨੂੰ ਸੱਚਾਈ ਦੀ ਜਾਂਚ ਕਰਨ ਲਈ ਕਿਹਾ ਹੈ। ਕਾਲ ਵਿੱਚ ਕਿਹਾ ਜਾ ਰਿਹਾ ਹੈ ਕਿ ਪੈਰੀ ਅਤੇ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਵਿਚਕਾਰ ਕਾਫੀ ਗੱਲਾਂ ਹੋਈਆਂ। ਹਾਲਾਂਕਿ ਪੰਜਾਬੀ ਜਾਗਰਣ ਇਸ ਕਾਲ ਦੀ ਪੁਸ਼ਟੀ ਨਹੀ ਕਰਦਾ ਹੈ ।
ਵਾਇਰਲ ਕਾਲ ਦੀ ਸ਼ੁਰੂਆਤ ਵਿੱਚ ਪੈਰੀ ਦੀ ਹਾਲ ਹੀ ਵਿੱਚ ਹੋਈ ਵਿਆਹ ਦੀ ਗੱਲਬਾਤ ਸੁਣਾਈ ਦਿੰਦੀ ਹੈ। ਲਾਰੈਂਸ ਪੈਰੀ ਤੋਂ ਪੁੱਛਦਾ ਹੈ ਕਿ “ਸ਼ਾਦੀ ਕਰਵਾ ਲਈ?”, ਜਿਸ ‘ਤੇ ਪੈਰੀ ਜਵਾਬ ਦਿੰਦਾ ਹੈ ਕਿ 13 ਤਰੀਕ ਨੂੰ ਉਸ ਦਾ ਵਿਆਹ ਹੋਇਆ ਸੀ ਅਤੇ ਉਹ ਹਾਲ ਹੀ ਵਿੱਚ ਘਰ ਅਬੋਹਰ ਵੀ ਗਿਆ ਸੀ। ਦੋਵੇ ਕੁਝ ਮਾਮੂਲੀ ਗੱਲਾਂ ਕਰਦੇ ਹਨ—ਹਾਲਚਾਲ ਪੁੱਛਦੇ ਹਨ ਅਤੇ ਘਰਵਾਲਿਆਂ ਬਾਰੇ ਵੀ ਜ਼ਿਕਰ ਹੁੰਦਾ ਹੈ।
ਗੱਲਬਾਤ ਦੇ ਦੌਰਾਨ ਲਾਰੈਂਸ ਕਈ ਵਾਰ ਆਪਣੇ ਬੀਤੇ ਕੁਝ ਮਹੀਨਿਆਂ ਦੀ ਤਬੀਅਤ ਖ਼ਰਾਬ ਹੋਣ, ਜੇਲ੍ਹ ਵਿੱਚ ਪਰੇਸ਼ਾਨੀ ਅਤੇ ਏਟੀਐਸ ਦੀਆਂ ਪੁੱਛਗਿੱਛ ਬਾਰੇ ਦੱਸਦਾ ਸੁਣਾਈ ਦਿੰਦਾ ਹੈ। ਇਸ ਤੋਂ ਬਾਅਦ ਉਹ ਪੈਰੀ ਨੂੰ ਕਹਿੰਦਾ ਹੈ ਕਿ “ਬਾਤ ਵਿਗੜ ਚੁੱਕੀ ਹੈ… ਹੁਣ ਕੰਮ ਚਲੇਗਾ… ਤੁਸੀਂ ਸਭ ਨੇ ਕਾਫ਼ੀ ਅਪੋਜ਼ੀਸ਼ਨ ਕਰ ਲਈ।
ਆਡੀਓ ਦੇ ਅੰਤ ਹਿੱਸੇ ਵਿੱਚ ਲਾਰੈਂਸ ਦਾ ਲਹਿਜ਼ਾ ਹੋਰ ਸਖ਼ਤ ਹੋ ਜਾਂਦਾ ਹੈ। ਸੁਣਨ ਵਿੱਚ ਆਉਂਦਾ ਹੈ। ਜੇ ਮੈਂ ਰਿਹਾ ਤਾਂ ਮੈਂ ਹੀ ਰਹੂੰਗਾ… ਹੁਣ ਮੈਸੇਜ ਲਗਾਉਣ ਦਾ ਸਮਾਂ ਲੰਘ ਗਿਆ… ਜੋ ਵੀ ਰਾਹ ਲਿਖਿਆ ਗਿਆ ਹੈ, ਉਹ ਹੀ ਚਲੇਗਾ।”
ਇਸ ਦੌਰਾਨ ਕਈ ਵਾਰ ਕਾਲ ਦੀ ਆਵਾਜ਼ ਕੱਟਦੀ ਰਹੀ। ਪੈਰੀ ਕਹਿੰਦਾ ਹੈ ਕਿ ਉਸਨੂੰ ਲਾਰੈਂਸ ਦੀ ਆਵਾਜ਼ ਸਾਫ਼ ਨਹੀਂ ਸੁਣਾਈ ਦੇ ਰਹੀ। ਅੰਤ ਵਿੱਚ ਕਾਲ ਕਨੈਕਸ਼ਨ ਕਮਜ਼ੋਰ ਹੋਣ ਕਾਰਨ ਇਕਦਮ ਕੱਟ ਜਾਂਦੀ ਹੈ।
ਪੁਲਿਸ ਦੇ ਅਨੁਸਾਰ, ਇਸ ਕਾਲ ਰਿਕਾਰਡਿੰਗ ਦੀ ਪ੍ਰਮਾਣਿਕਤਾ ਦੀ ਜਾਂਚ ਜਾਰੀ ਹੈ। ਵਾਇਰਲ ਕਲਿੱਪ ਨੇ ਪੈਰੀ ਦੀ ਹੱਤਿਆ ਦੇ ਕੇਸ ਨੂੰ ਨਵੀਂ ਦਿਸ਼ਾ ਦੇ ਦਿੱਤੀ ਹੈ, ਕਿਉਂਕਿ ਆਡੀਓ ਵਿੱਚ ਲਾਰੈਂਸ ਅਤੇ ਪੈਰੀ ਦੇ ਇੱਕ ਵਿਚੋਲੇ ਦੁਆਰਾ ਕਰਵਾਏ ਗਏ ਸੰਪਰਕ ਦਾ ਜ਼ਿਕਰ ਵੀ ਹੈ।