ਖ਼ੁਦਕੁਸ਼ੀ ਮਾਮਲੇ 'ਚ ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਔਰਤ ਤੇ ਉਸ ਦੇ ਦੋਸਤ 'ਤੇ ਲਾਏ ਪਰੇਸ਼ਾਨ ਕਰਨ ਦੇ ਦੋਸ਼
ਖ਼ੁਦਕੁਸ਼ੀ ਦੇ ਮਾਮਲੇ 'ਚ ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਪਰੇਸ਼ਾਨ ਕਰਨ ਦੇ ਦੋਸ਼
Publish Date: Sun, 18 Jan 2026 07:11 PM (IST)
Updated Date: Sun, 18 Jan 2026 07:13 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਬੀਤੇ ਦਿਨੀਂ ਖਰੜ ਵਿਚ ਇਕ 28 ਸਾਲਾ ਨੌਜਵਾਨ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਮ੍ਰਿਤਕ ਨੌਜਵਾਨ ਇਕ ਸੇਵਾਮੁਕਤ ਫ਼ੌਜੀ ਦਾ ਪੁੱਤਰ ਸੀ ਅਤੇ ਰੋਪੜ ਦੀ ਇਕ ਟਰੈਵਲ ਕੰਪਨੀ ਵਿਚ ਕੰਮ ਕਰਦਾ ਸੀ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਨੌਜਵਾਨ ਨੇ 12 ਜਨਵਰੀ ਨੂੰ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਲਾਜ ਦੌਰਾਨ ਉਸ ਦੀ ਹਾਲਤ ਵਿਗੜਦੀ ਗਈ ਅਤੇ 14 ਜਨਵਰੀ ਨੂੰ ਉਸ ਨੇ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਜਦੋਂ ਮ੍ਰਿਤਕ ਦੇ ਪਿਤਾ ਨੇ ਉਸ ਦਾ ਮੋਬਾਈਲ ਫੋਨ ਚੈੱਕ ਕੀਤਾ, ਤਾਂ ਉਸ ਵਿਚੋਂ ਇਕ ਵੀਡੀਓ ਬਰਾਮਦ ਹੋਈ। ਇਹ ਵੀਡੀਓ ਨੌਜਵਾਨ ਨੇ ਜ਼ਹਿਰ ਖਾਣ ਤੋਂ ਪਹਿਲਾਂ ਰਿਕਾਰਡ ਕੀਤੀ ਸੀ। ਵੀਡੀਓ ਵਿਚ ਮ੍ਰਿਤਕ ਨੇ ਦੱਸਿਆ ਕਿ ਉਹ ਇਕ ਔਰਤ ਅਤੇ ਉਸ ਦੇ ਇਕ ਦੋਸਤ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਮਾਨਸਿਕ ਤਣਾਅ ਅਤੇ ਪਰੇਸ਼ਾਨੀ ਕਾਰਨ ਇਹ ਖ਼ੌਫ਼ਨਾਕ ਕਦਮ ਚੁੱਕ ਰਿਹਾ ਹੈ। ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਅਤੇ ਮੋਬਾਈਲ ਵੀਡੀਓ ਦੇ ਆਧਾਰ ਤੇ ਖਰੜ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 108 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਅਤੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਡੀਓ ਵਿਚ ਲਾਏ ਗਏ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ।