ਬੈਠਕ ’ਚ ‘pgd.punjabpolice.gov.in’ ਪੋਰਟਲ 'ਤੇ ਦਰਜ ਸ਼ਿਕਾਇਤਾਂ ਦੀ ਸਥਿਤੀ ਤੇ ਉਨ੍ਹਾਂ ਦੇ ਨਿਪਟਾਰੇ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ 'ਤੇ ਕਰਵਾਈ ਗਈ ਇਸ ਸਮੀਖਿਆ ਬੈਠਕ ’ਚ ਸਪੱਸ਼ਟ ਕੀਤਾ ਗਿਆ ਕਿ ਹੁਣ ਸਾਰੀਆਂ ਸ਼ਿਕਾਇਤਾਂ ਸਿਰਫ ਪੀਜੀਡੀ ਪੋਰਟਲ ਰਾਹੀਂ ਹੀ ਦਰਜ ਤੇ ਪ੍ਰੋਸੈੱਸ ਕੀਤੀਆਂ ਜਾਣਗੀਆਂ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਪੁਲਿਸ ’ਚ ਸ਼ਿਕਾਇਤ ਨਿਵਾਰਣ ਪ੍ਰਣਾਲੀ ਨੂੰ ਪਾਰਦਰਸ਼ੀ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਕੜੇ ਕਦਮ ਚੁੱਕੇ ਗਏ ਹਨ। ਸਪੈਸ਼ਲ ਡੀਜੀਪੀ (ਟ੍ਰੈਫਿਕ ਤੇ ਰੋਡ ਸੇਫਟੀ ਕਮ ਪਬਲਿਕ ਗ੍ਰਿਵੈਂਸ) ਏਐੱਸ ਰਾਏ ਨੇ ਸ਼ੁੱਕਰਵਾਰ ਨੂੰ ਪੀਜੀਡੀ (ਪਬਲਿਕ ਗ੍ਰਿਵੈਂਸ ਡਵੀਜ਼ਨ) ਪੋਰਟਲ ਨਾਲ ਜੁੜੇ ਨੋਡਲ ਅਧਿਕਾਰੀਆਂ ਨਾਲ ਵਰਚੂਅਲ ਬੈਠਕ ਕਰ ਕੇ ਪੈਂਡਿੰਗ ਮਾਮਲਿਆਂ ਦੀ ਸਮੀਖਿਆ ਕੀਤੀ।
ਬੈਠਕ ’ਚ ‘pgd.punjabpolice.gov.in’ ਪੋਰਟਲ 'ਤੇ ਦਰਜ ਸ਼ਿਕਾਇਤਾਂ ਦੀ ਸਥਿਤੀ ਤੇ ਉਨ੍ਹਾਂ ਦੇ ਨਿਪਟਾਰੇ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ 'ਤੇ ਕਰਵਾਈ ਗਈ ਇਸ ਸਮੀਖਿਆ ਬੈਠਕ ’ਚ ਸਪੱਸ਼ਟ ਕੀਤਾ ਗਿਆ ਕਿ ਹੁਣ ਸਾਰੀਆਂ ਸ਼ਿਕਾਇਤਾਂ ਸਿਰਫ ਪੀਜੀਡੀ ਪੋਰਟਲ ਰਾਹੀਂ ਹੀ ਦਰਜ ਤੇ ਪ੍ਰੋਸੈੱਸ ਕੀਤੀਆਂ ਜਾਣਗੀਆਂ। ਕਿਸੇ ਵੀ ਪੱਧਰ 'ਤੇ ਆਫਲਾਈਨ ਜਾਂ ਹੋਰ ਮਾਧਿਅਮਾਂ ਰਾਹੀਂ ਆਈ ਸ਼ਿਕਾਇਤਾਂ ਨੂੰ ਵੀ ਪੋਰਟਲ 'ਤੇ ਅਪਲੋਡ ਕਰਨਾ ਲਾਜ਼ਮੀ ਹੋਵੇਗਾ।
ਸਪੈਸ਼ਲ ਡੀਜੀਪੀ ਏਐੱਸ ਰਾਏ ਨੇ ਨੋਡਲ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਸ਼ਿਕਾਇਤਾਂ ਦੇ ਨਿਪਟਾਰੇ ਦੀ ਨਿੱਜੀ ਨਿਗਰਾਨੀ ਕਰਨ। ਜਾਂਚ ਰਿਪੋਰਟ ’ਚ ਗੁਣਵੱਤਾ ਲਿਆਉਣ 'ਤੇ ਖਾਸ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹਰ ਦੋਸ਼ ਦਾ ਨਿਪਟਾਰਾ ਨਿਰਪੱਖ ਤੇ ਠੋਸ ਆਧਾਰ 'ਤੇ ਕੀਤਾ ਜਾਣਾ ਚਾਹੀਦਾ ਹੈ। ਨਿਰਧਾਰਿਤ ਸਮੇਂ ਅੰਦਰ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਲਾਜ਼ਮੀ ਹੋਵੇਗਾ ਤੇ ਬੇਵਜ੍ਹਾ ਦੇਰੀ 'ਤੇ ਸਬੰਧਤ ਅਧਿਕਾਰੀ ਦੀ ਜਵਾਬਦੇਹੀ ਨਿਰਧਾਰਿਤ ਕੀਤੀ ਜਾਵੇਗੀ।
ਸ਼ਿਕਾਇਤ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣ ਲਈ ਥਾਣਿਆਂ ’ਚ ਵਿਸ਼ੇਸ਼ ਸ਼ਿਕਾਇਤ ਨਿਵਾਰਣ ਡੈਸਕ ਸਥਾਪਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਇਨ੍ਹਾਂ ਡੈਸਕਾਂ ਰਾਹੀਂ ਸ਼ਿਕਾਇਤਾਂ ਨੂੰ ਸਮੇਂ 'ਤੇ ਪੋਰਟਲ 'ਤੇ ਅਪਲੋਡ ਕਰਨ ਅਤੇ ਉਨ੍ਹਾਂ ਦੇ ਨਿਪਟਾਰੇ ’ਚ ਤੇਜ਼ੀ ਲਿਆਈ ਜਾਵੇਗੀ। ਬੈਠਕ ਦੌਰਾਨ ਏਐਸ ਰਾਏ ਨੇ ਅਧਿਕਾਰੀਆਂ ਨੂੰ ਜਨਤਾ ਨਾਲ ਨਰਮ ਤੇ ਆਦਰਸ਼ ਭਾਵਨਾ ਨਾਲ ਪੇਸ਼ ਆਉਣ ਦੀ ਵੀ ਹਦਾਇਤ ਦਿੱਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਨਾ ਅਤੇ ਤੁਰੰਤ ਤੇ ਪ੍ਰਭਾਵਸ਼ਾਲੀ ਨਿਪਟਾ ਦੇਣਾ ਪੁਲਿਸ ਦੀ ਮੁੱਢਲਾ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ ਕਿ ਪਾਰਦਰਸ਼ਿਤਾ, ਜਵਾਬਦੇਹੀ ਤੇ ਸਮੇਂ 'ਤੇ ਨਿਆਂ ਯਕੀਨੀ ਬਣਾਉਣਾ ਹੀ ਇਸ ਪ੍ਰਣਾਲੀ ਦਾ ਮੁੱਖ ਟੀਚਾ ਹੈ। ਪੀਜੀਡੀ ਪੋਰਟਲ ਦੇ ਪ੍ਰਭਾਵਸ਼ਾਲੀ ਉਪਯੋਗ ਨਾਲ ਨਾ ਸਿਰਫ਼ ਸ਼ਿਕਾਇਤ ਨਿਵਾਰਣ ਪ੍ਰਕਿਰਿਆ ’ਚ ਸੁਧਾਰ ਆਵੇਗਾ, ਸਗੋਂ ਆਮ ਲੋਕਾਂ ਦਾ ਪੁਲਿਸ ’ਤੇ ਭਰੋਸਾ ਵੀ ਮਜ਼ਬੂਤ ਹੋਵੇਗਾ। ਪੰਜਾਬ ਪੁਲਿਸ ਹੁਣ ਫੀਲਡ ਪੱਧਰ 'ਤੇ ਵੀ ਸਰਗਰਮੀ ਵਧਾਉਣ ਜਾ ਰਹੀ ਹੈ। ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਵੱਖ-ਵੱਖ ਯੂਨਿਟਾਂ ਦਾ ਦੌਰਾ ਕਰਕੇ ਮੌਕੇ 'ਤੇ ਹੀ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ, ਤਾਂ ਜੋ ਆਮ ਜਨਤਾ ਨੂੰ ਤੁਰੰਤ ਰਾਹਤ ਮਿਲ ਸਕੇ।