ਘੱਗਰ ਦਰਿਆ 'ਤੇ ਬਣੇ ਮੁਬਾਰਿਕਪੁਰ ਕਾਜ਼ਵੇਅ 'ਤੇ ਟੁੱਟੇ ਸੁਰੱਖਿਆ ਪਿੱਲਰਾਂ ਕਰਕੇ ਸੰਘਣੀ ਧੁੰਦ 'ਚ ਵਾਪਰ ਸਕਦਾ ਹਾਦਸਾ
ਘੱਗਰ ਦਰਿਆ 'ਤੇ ਬਣੇ ਮੁਬਾਰਿਕਪੁਰ ਕਾਜ਼ਵੇਅ 'ਤੇ ਟੁੱਟੇ ਸੁਰੱਖਿਆ ਪਿੱਲਰਾਂ ਕਰਕੇ ਸੰਘਣੀ ਧੁੰਦ 'ਚ ਵਾਪਰ ਸਕਦਾ ਹਾਦਸਾ
Publish Date: Wed, 07 Jan 2026 06:07 PM (IST)
Updated Date: Wed, 07 Jan 2026 06:09 PM (IST)

ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਲੋਕਾਂ ਚ ਭਾਰੀ ਰੋਸ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸੰਘਣੀ ਧੁੰਦ ਨੇ ਸੜਕੀ ਹਾਦਸਿਆਂ ਦਾ ਖ਼ਤਰਾ ਵਧਾ ਦਿੱਤਾ ਹੈ, ਪਰ ਇਸ ਦੇ ਬਾਵਜੂਦ ਡੇਰਾਬੱਸੀ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੈ। ਡੇਰਾਬੱਸੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪ੍ਰਵਾਹੀ ਦੀ ਮਿਸਾਲ ਮੁਬਾਰਕਪੁਰ ਘੱਗਰ ਨਦੀ ਤੇ ਬਣੇ ਕਾਜ਼ਵੇਅ ਦੇ ਟੁੱਟੇ ਸੁਰੱਖਿਆ ਪਿੱਲਰਾਂ ਨੂੰ ਦੇਖਣ ਤੋਂ ਸਹਿਜੇ ਮਿਲ ਜਾਂਦੀ ਹੈ। ਇਹ ਅਣਗਹਿਲੀ ਕਿਸੇ ਸਮੇਂ ਵੀ ਵਾਹਨ ਚਾਲਕ ਦੀ ਜਾਨ ਤੇ ਭਾਰੀ ਪੈ ਸਕਦੀ ਹੈ। ਅੱਜ-ਕੱਲ੍ਹ ਪੈ ਰਹੀ ਸੰਘਣੀ ਧੁੰਦ ਤੇ ਹਨ੍ਹੇਰੇ ਚ ਇਥੇ ਹਰ ਸਮੇਂ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਹਾਲਾਂਕਿ ਇਥੇ ਪਹਿਲਾਂ ਵੀ ਇਕ ਕਾਰ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਚੁੱਕੀ ਹੈ, ਪਰ ਫ਼ਿਰ ਵੀ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ। ਅਧਿਕਾਰੀਆਂ ਦੀ ਇਸ ਲਾਪ੍ਰਵਾਹੀ ਕਰਕੇ ਲੋਕਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਰੀਬ 3 ਸਾਲ ਪਹਿਲਾਂ ਹੜ੍ਹਾਂ ਨੇ ਇਸ ਪੁਲ ਦੇ ਪਿੱਲਰਾਂ ਤੋੜ ਦਿੱਤਾ ਸੀ ਅਤੇ ਹਾਲੇ ਕੁਝ ਮਹੀਨੇ ਪਹਿਲਾਂ ਹੀ ਇਥੇ ਆਰਜ਼ੀ ਲੋਹੇ ਦੇ ਨਵੇਂ ਐਂਗਲਾਂ ਦੇ ਪਿੱਲਰ ਲਗਾਏ ਗਏ ਸਨ, ਪਰ ਪਾਣੀ ਨੇ ਉਨ੍ਹਾਂ ਦਾ ਵਜੂਦ ਵੀ ਖ਼ਤਮ ਕਰ ਦਿੱਤਾ। ਉਸ ਤੋਂ ਬਾਅਦ ਕਿਸੇ ਵੀ ਅਧਿਕਾਰੀ ਵਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ । ਪਹਿਲਾਂ ਪੁਲ ਦੇ ਕੁਝ ਪਿੱਲਰ ਹੀ ਟੁੱਟੇ ਹੋਏ ਸਨ, ਪਰ ਹੁਣ ਪਿੱਲਰਾਂ ਦੀ ਗਿਣਤੀ ਕਾਫ਼ੀ ਵਧ ਗਈ ਹੈ ਅਤੇ ਕੋਈ ਵੀ ਗੱਡੀ ਅਸਾਨੀ ਨਾਲ ਇਥੋਂ ਹੇਠਾਂ ਡਿੱਗ ਸਕਦੀ ਹੈ। ਇਸ ਤੋਂ ਇਲਾਵਾ ਵੱਡੇ ਵਾਹਨ ਤੋਂ ਬਚਣ ਲਈ ਪੈਦਲ ਵਿਅਕਤੀ, ਸਾਈਕਲ ਸਵਾਰ ਜਾਂ ਫਿਰ ਦੋ ਪਹੀਆ ਵਾਹਨ ਚਾਲਕ ਹੇਠਾਂ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਖੇਤਰ ਦੇ ਲੋਕਾਂ ਨੇ ਇਥੇ ਰੌਸ਼ਨੀ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਪਿੱਲਰਾਂ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਹੈ ਤਾਂਕਿ ਕੋਈ ਹਾਦਸਾ ਨਾ ਵਾਪਰ ਸਕੇ।