ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੌਰਾਨ ਸੂਬੇ ਅੰਦਰ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੱਤਾ ਦੀ ਬੇਰਹਿਮੀ ਨਾਲ ਦੁਰਵਰਤੋਂ ਕਰਨਾ ਦਾ ਦੋਸ਼ ਲਗਾਇਆ ਹੈ।

ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੌਰਾਨ ਸੂਬੇ ਅੰਦਰ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੱਤਾ ਦੀ ਬੇਰਹਿਮੀ ਨਾਲ ਦੁਰਵਰਤੋਂ ਕਰਨਾ ਦਾ ਦੋਸ਼ ਲਗਾਇਆ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ, ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਕੰਧ 'ਤੇ ਲਿਖੀ ਹੋਈ ਸੱਚਾਈ ਨੂੰ ਦਰਸਾਉਂਦਾ ਹੈ ਕਿ 'ਆਪ' ਆਪਣਾ ਆਧਾਰ ਗੁਆ ਚੁੱਕੀ ਹੈ ਅਤੇ ਇਸਨੂੰ ਇਸਦਾ ਅਹਿਸਾਸ ਵੀ ਹੋ ਚੁੱਕਾ ਹੈ, ਜਿਸ ਕਾਰਨ ਇਹ ਪੁਲਿਸ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੀਆਂ ਅਜਿਹੀਆਂ ਬੇਚੈਨ ਕੋਸ਼ਿਸ਼ਾਂ ਦਾ ਸਹਾਰਾ ਲੈ ਰਹੀ ਹੈ।
ਅੱਜ ਦੇ ਘਟਨਾਕ੍ਰਮ ਦਾ ਸਾਰ ਦਿੰਦੇ ਹੋਏ, ਵੜਿੰਗ ਨੇ ਕਿਹਾ ਕਿ ਸੂਬੇ ਭਰ ਤੋਂ ਆਈਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਸੱਤਾਧਾਰੀ 'ਆਪ' ਨੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਡਰਾਉਣ ਲਈ ਤਾਕਤ ਦੀ ਦੁਰਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਸੱਤਾ ਦੀ ਇੰਨੀ ਬੇਰਹਿਮੀ ਨਾਲ ਦੁਰਵਰਤੋਂ ਕਰਨ ਦੇ ਬਾਵਜੂਦ, ਜ਼ਿਆਦਾਤਰ ਕਾਂਗਰਸੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਿੱਚ ਕਾਮਯਾਬ ਰਹੇ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੂਬੇ ਭਰ ਅੰਦਰ ਕੈਮਰਿਆਂ ਵਿੱਚ ਸਭ ਕੁਝ ਕੈਦ ਹੋ ਰਿਹਾ ਹੈ ਅਤੇ ਇਸ ਨਾਲ ਸਰਕਾਰ ਦਾ ਪਰਦਾਫਾਸ਼ ਹੋ ਗਿਆ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਬਾਰੇ ਇੰਨਾ ਹੀ ਭਰੋਸਾ ਸੀ, ਤਾਂ ਇਸਨੂੰ ਇੰਨੀ ਬੇਰਹਿਮੀ ਨਾਲ ਤਾਕਤ ਦੀ ਵਰਤੋਂ ਕਰਨ ਦੀ ਲੋੜ ਕਿਉਂ ਪਈ। ਇਹ ਸਿਰਫ ਘਬਰਾਹਟ ਅਤੇ ਨਿਰਾਸ਼ਾ ਦੀ ਭਾਵਨਾ ਨੂੰ ਦਰਸਾਉਂਦਾ ਹੈ, ਕਿਉਂਕਿ ਸਰਕਾਰ ਨੂੰ ਅਹਿਸਾਸ ਹੋ ਗਿਆ ਹੈ ਕਿ ਉਸਦਾ ਸਮਰਥਨ ਘੱਟ ਰਿਹਾ ਹੈ।
ਇਸ ਤੋਂ ਪਹਿਲਾਂ, ਪੱਤਰਕਾਰਾਂ ਨਾਲ ਇੱਕ ਗ਼ੈਰ-ਰਸਮੀ ਗੱਲਬਾਤ ਦੌਰਾਨ, ਵੜਿੰਗ ਨੇ ਪਟਿਆਲਾ ਪੁਲਿਸ ਦੇ ਵੱਡੇ ਪੱਧਰ 'ਤੇ ਚੱਲ ਰਹੇ ਆਡੀਓ ਕਲਿੱਪ, ਜਿਸ ਵਿਚ ਕੁਝ ਅਧਿਕਾਰੀ ਕਥਿਤ ਤੌਰ 'ਤੇ ਚਰਚਾ ਕਰ ਰਹੇ ਹਨ ਕਿ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਕਿਵੇਂ ਰੋਕਿਆ ਜਾਵੇ, ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਨਹੀਂ ਜਾਣਦੇ ਹਨ ਕਿ ਇਹ ਏ.ਆਈ. ਦੁਆਰਾ ਤਿਆਰ ਕੀਤਾ ਗਿਆ ਹੈ ਜਾਂ ਫਿਰ ਅਸਲੀ ਹੈ, ਲੇਕਿਨ ਪੁਲਿਸ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨਾ ਪੰਜਾਬ ਵਿੱਚ 'ਆਪ' ਸਰਕਾਰ ਦੀ ਪਛਾਣ ਹੈ। ਉਨ੍ਹਾਂ ਕਿਹਾ ਕਿ ਆਡੀਓ ਕਲਿੱਪ ਵਿੱਚ ਜੋ ਚਰਚਾ ਕੀਤੀ ਜਾ ਰਹੀ ਸੀ, ਉਹ ਪਹਿਲਾਂ ਹੀ ਪੂਰੇ ਪੰਜਾਬ ਵਿੱਚ ਹੋ ਰਿਹਾ ਹੈ ਅਤੇ ਆਮ ਲੋਕਾਂ ਇਸਨੂੰ ਦੇਖਿਆ ਤੇ ਸਮਝਿਆ ਜਾ ਰਿਹਾ ਹੈ।
ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਇੱਕ ਕਾਂਗਰਸੀ ਆਗੂ, ਜਿਨ੍ਹਾਂ ਦੀ ਪਤਨੀ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੀ ਸੀ, ਨੂੰ ਇਲਾਕੇ ਦੇ ਐੱਸਐੱਚਓ ਨੇ ਚੁੱਕਿਆ ਅਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਘੁੰਮਾਇਆ। ਇਸ ਦੌਰਾਨ ਉਸਨੂੰ ਪੂਰੀ ਰਾਤ ਗ਼ੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿੱਚ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇੱਕ ਵੀ ਪੁਲਿਸ ਅਧਿਕਾਰੀ ਫਿਰ ਭਾਵੇਂ ਐੱਸਐੱਸਪੀ, ਐੱਸਪੀ, ਡੀਐੱਸਪੀ ਜਾਂ ਐੱਸਐੱਚਓ ਹੋਵੇ, ਉਸਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਰਿਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ।
ਵੜਿੰਗ ਨੇ ਕਿਹਾ ਕਿ ਇਸ ਗੱਲ ਵਿੱਚ ਕੋਈ ਹੈਰਾਨੀ ਨਹੀਂ ਹੈ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਵਿਗੜ ਰਹੀ ਹੈ ਅਤੇ ਗੈਂਗਸਟਰ ਰਾਜ ਕਰ ਰਹੇ ਹਨ, ਕਿਉਂਕਿ ਪੁਲਿਸ ਬੇਰਹਿਮੀ ਨਾਲ ਤਾਕਤ ਦੀ ਦੁਰਵਰਤੋਂ ਕਰਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਡਰਾਉਣ ਅਤੇ 'ਆਪ' ਨੂੰ ਜਿੱਤਣ ਵਿੱਚ ਮਦਦ ਕਰਨ ਸਮੇਤ ਹੋਰ ਕੰਮਾਂ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਨੇ ਵਿਰੋਧੀ ਧਿਰ ਦੇ ਵਰਕਰਾਂ ਅਤੇ ਆਗੂਆਂ ਖਿਲਾਫ ਵਧੀਕੀਆਂ ਕਰਨ ਵਾਲਿਆਂ ਨੂੰ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਸਮਾਂ ਵੀ ਲੰਘ ਜਾਵੇਗਾ ਅਤੇ ਸਾਰਿਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ।