ਚਮਕਦਾ ਸ਼ਹਿਰ ਪਰ ਡਰ ਦੇ ਪਰਛਾਵੇਂ ਵਿਚ ਰਹਿ ਰਹੇ ਨਾਗਰਿਕ, ਮੁਹਾਲੀ ਦੀ ਕਾਨੂੰਨ-ਵਿਵਸਥਾ ’ਤੇ ਉਠਦੇ ਸਵਾਲ

- ਮੁਹਾਲੀ ਦੀ ਕਾਨੂੰਨ-ਵਿਵਸਥਾ ’ਤੇ ਉੱਠਦੇ ਸਵਾਲ
ਜੀਐੱਸ ਸੰਧੂ, ਪੰਜਾਬੀ ਜਾਗਰਣ
ਐੱਸਏਐੱਸ ਨਗਰ : ਆਈਟੀ ਸਿਟੀ ਅਤੇ ਆਧੁਨਿਕ ਰਿਹਾਇਸ਼ੀ ਖੇਤਰਾਂ ਲਈ ਜਾਣਿਆ ਜਾਂਦਾ ਮੁਹਾਲੀ ਪਿਛਲੇ ਕੁਝ ਸਮੇਂ ਤੋਂ ਗੰਭੀਰ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਸੋਮਵਾਰ ਨੂੰ ਸ਼ਹਿਰ ਵਿਚ ਸ਼ਰੇਆਮ ਹੋਈ ਹੱਤਿਆ ਜ਼ਿਲ੍ਹਾ ਪੁਲਿਸ ਦੀ ਨਾਕਾਮੀ ਨੂੰ ਸ਼ਰੇਆਮ ਦਰਸਾਉਂਦੀ ਹੈ। ਸ਼ਹਿਰ ਵਿਚ ਸ਼ਰੇਆਮ ਚੱਲ ਹਰੀਆਂ ਗੋਲੀਆਂ ਅਤੇ ਲਗਾਤਾਰ ਪੁਲਿਸ ਦੀ ਨਾਕਾਮੀ ਨੇ ਲੋਕਾਂ ਵਿਚ ਚਿੰਤਾ ਹੋਰ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਸ਼ਹਿਰ ਦੀਆਂ ਗਲੀਆਂ ਵਿਚ ਖੁੱਲ੍ਹੇਆਮ ਚੱਲ ਰਹੀਆਂ ਗੋਲ਼ੀਆਂ ਜ਼ਿਲ੍ਹਾ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲੀਆ ਨਿਸ਼ਾਨ ਲਗਾਉਂਦੀਆਂ ਹਨ। ਇੱਕ ਪਾਸੇ ਜਿੱਥੇ ਸ਼ਹਿਰ ਵਿਚ ਖੁੱਲ੍ਹੇਆਮ ਚੱਲ ਰਹੀਆਂ ਗੋਲ਼ੀਆਂ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣ ਚੁੱਕਿਆ ਹੈ, ਉੱਥੇ ਹੀ ਲਗਾਤਾਰ ਬਹੁਤੇ ਕੇਸਾਂ ਵਿਚ ਪੁਲਿਸ ਦੀ ਨਾਕਾਮੀ ਸ਼ਹਿਰ ਦੀ ਸੁਰੱਖਿਆ ਤੇ ਸ਼ਹਿਰ ਵਾਸੀ ਆਪਣੀ ਸੁਰੱਖਿਆ ਲਈ ਕੋਈ ਬਿਹਤਰੀਨ ਬਦਲ ਦੀ ਮੰਗ ਕਰ ਰਹੇ ਹਨ। ਪਿਛਲੇ ਦੋ ਸਾਲਾਂ ਦੇ ਮੁਕਾਬਲੇ ਮੌਜੂਦਾ ਸਾਲ ਵਿਚ ਗੰਭੀਰ ਅਪਰਾਧਿਕ ਵਾਕਿਆਵਾਂ ਦੀ ਗਿਣਤੀ ਵਿਚ ਵਾਧਾ ਨਜ਼ਰ ਆ ਰਿਹਾ ਹੈ। ਜਿੱਥੇ ਪਹਿਲਾਂ ਅਜਿਹੀਆਂ ਘਟਨਾਵਾਂ ਛਿਟ-ਪੁੱਟ ਰਹਿੰਦੀਆਂ ਸਨ, ਉੱਥੇ ਹੁਣ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਲਗਾਤਾਰ ਚਿੰਤਾਜਨਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਨਾਲ ਸਿਰਫ਼ ਆਮ ਨਾਗਰਿਕ ਹੀ ਨਹੀਂ, ਸਗੋਂ ਵਪਾਰੀ ਵਰਗ ਅਤੇ ਰਿਹਾਇਸ਼ੀ ਸੁਸਾਇਟੀਆਂ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ।
ਸੁਰੱਖਿਆ ਏਜੰਸੀਆਂ ਦੇ ਅਨੁਸਾਰ ਪਿਛਲੇ ਕੁਝ ਸਾਲਾ ਦੌਰਾਨ ਮੁਹਾਲੀ ਵਿਚ ਦਰਜ ਅਪਰਾਧਾਂ ਦਾ ਗਰਾਫ ਹੌਲੀ-ਹੌਲੀ ਉੱਪਰ ਚੜ੍ਹਿਆ ਹੈ, ਪਰ ਇਸ ਸਾਲ ਇਹ ਤੇਜ਼ੀ ਨਾਲ ਵਧਦਾ ਦਿਸ ਰਿਹਾ ਹੈ। ਖ਼ਾਸ ਕਰ ਕੇ ਸ਼ਹਿਰ ਦੇ ਨਵੇਂ ਵਿਕਸਿਤ ਇਲਾਕਿਆਂ, ਹਾਈਵੇ ਨਾਲ ਲੱਗਦੇ ਖੇਤਰਾਂ ਅਤੇ ਤੇਜ਼ੀ ਨਾਲ ਫੈਲ ਰਹੀਆਂ ਕਾਲੋਨੀਆਂ ਵਿਚ ਨਿਗਰਾਨੀ ਦੀ ਕਮੀ ਅਪਰਾਧੀਆਂ ਲਈ ਮੌਕਾ ਬਣ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਇਲਾਕਿਆਂ ਨੂੰ ਕਦੇ ਸੁਰੱਖਿਅਤ ਅਤੇ ਸ਼ਾਂਤ ਮੰਨਿਆ ਜਾਂਦਾ ਸੀ, ਉੱਥੇ ਹੁਣ ਦੇਰ ਰਾਤ ਆਵਾਜਾਈ ਕਰਨਾ ਵੀ ਡਰ ਦਾ ਕਾਰਨ ਬਣ ਰਿਹਾ ਹੈ। ਕਈ ਵਾਸੀਆਂ ਨੇ ਦੱਸਿਆ ਕਿ ਅਪਰਾਧਿਕ ਘਟਨਾਵਾਂ ਬਾਰੇ ਸੁਣ ਕੇ ਬੱਚਿਆਂ ਅਤੇ ਵੱਡੀ ਉਮਰ ਦੇ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਅਤੇ ਸੰਵੇਦਨਸ਼ੀਲ ਖੇਤਰਾਂ ਵਿਚ ਗਸ਼ਤ ਵਧਾਈ ਗਈ ਹੈ। ਹਾਲਾਂਕਿ, ਲੋਕਾਂ ਦੀ ਮੰਗ ਹੈ ਕਿ ਤੁਰੰਤ ਕਾਰਵਾਈ ਦੇ ਨਾਲ-ਨਾਲ ਲੰਬੇ ਸਮੇਂ ਦੀ ਰਣਨੀਤੀ ਤਿਆਰ ਕੀਤੀ ਜਾਵੇ, ਤਾਂ ਜੋ ਅਪਰਾਧ ਦੀ ਜੜ੍ਹ ’ਤੇ ਹੀ ਵਾਰ ਕੀਤਾ ਜਾ ਸਕੇ। ਸਮਾਜਿਕ ਮਾਹਰਾਂ ਦਾ ਮਤ ਹੈ ਕਿ ਪਿਛਲੇ ਦੋ ਸਾਲਾਂ ਨਾਲ ਤੁਲਨਾ ਕਰਨ ’ਤੇ ਮੌਜੂਦਾ ਸਥਿਤੀ ਇਹ ਦਰਸਾਉਂਦੀ ਹੈ ਕਿ ਸਿਰਫ਼ ਕਾਰਵਾਈ ਨਹੀਂ, ਸਗੋਂ ਰੋਕਥਾਮ, ਖੁਫ਼ੀਆ ਜਾਣਕਾਰੀ ਦੀ ਸਾਂਝ ਅਤੇ ਸਥਾਨਕ ਭਾਈਚਾਰੇ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਲੋਕਾਂ ਦਾ ਭਰੋਸਾ ਮੁੜ ਜਿੱਤਣਾ ਅਤੇ ਸ਼ਹਿਰ ਨੂੰ ਮੁੜ ਸੁਰੱਖਿਅਤ ਬਣਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਚੁੱਕੀ ਹੈ।
ਕਾਨੂੰਨ ਲਾਗੂ ਕਰਨ ਵਾਲੀਆਂ ਅਧਿਕਾਰੀਆਂ ਦੀ ਅਟੱਲ ਵਿਰੋਧੀ ਲਹਿਰ : ਜ਼ਿਲ੍ਹਾ ਅਧਿਕਾਰੀ ਇਹ ਜ਼ੋਰ ਦਿੰਦੇ ਹਨ ਕਿ ਉਹ ਇਨ੍ਹਾਂ ਜਾਲਾਂ ਨੂੰ ਵਿਧੀਬੱਧ ਢੰਗ ਨਾਲ ਗੈਂਗਸਟਰਾਂ ਦੇ ਨੈੱਟਵਰਕ ਨੂੰ ਖ਼ਤਮ ਕਰ ਰਹੇ ਹਨ ਪਰ ਸੱਚਾਈ ਬਿਆਨਾਂ ਤੋਂ ਕੋਹਾਂ ਦੂਰ ਨਜ਼ਰ ਆਉਂਦੀ ਹੈ। ਮੁਹਾਲੀ ਦੇ ਬਾਹਰ ਵਾਲੇ ਇਲਾਕਿਆਂ ਜ਼ੀਰਕਪੁਰ, ਖਰੜ, ਕੁਰਾਲੀ, ਨਿਆਗਾਓਂ ਸਮੇਤ ਕਈ ਇਲਾਕਿਆਂ ਵਿਚ ਕਿਰਾਏਦਾਰ ਰੱਖਣ ਵਾਲੇ ਦੀ ਕੋਈ ਖ਼ਾਸ ਵੈਰੀਫ਼ਿਕੇਸ਼ਨ ਹੁੰਦੀ ਹੈ ਅਤੇ ਨਾ ਹੀ ਪੁਲਿਸ ਵੱਲੋਂ ਇਸ ਸਬੰਧੀ ਕੋਈ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਤ ਇਹ ਹਨ ਕਿ ਹਮਲਾਵਰ ਸ਼ਹਿਰ ਦੇ ਅੱਧ ਵਿਚਕਾਰ ਇੱਕ ਘਰ ’ਤੇ ਖੁੱਲ੍ਹੇਆਮ ਗੋਲੀਆਂ ਚਲਾ ਕੇ ਆਰਾਮ ਨਾਲ ਨਿਕਲ ਜਾਂਦੇ ਹਨ ਅਤੇ ਪੁਲਿਸ ਅਧਿਕਾਰੀ ਦੂਜੇ ਦਿਨ ਕਾਰਵਾਈ ਕਰਨ ਦਾ ਬਿਆਨ ਦੇ ਕੇ ਬੈਠ ਜਾਂਦੇ ਹਨ, ਜਦਕਿ ਨਤੀਜਾ ਸਿਫ਼ਰ ਨਜ਼ਰ ਆ ਰਿਹਾ ਹੈ।