ਡੇਰਾਬੱਸੀ ਦੇ ਸੁਖਮਨੀ ਕਾਲਜ ਨੇੜੇ ਵਿਦਿਆਰਥੀਆਂ ਦੀ ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, 20 ਨੌਜਵਾਨਾਂ ਨੇ ਵਿਦਿਆਰਥੀ 'ਤੇ ਕੀਤਾ ਹਮਲਾ, ਸਿਰ 'ਤੇ ਆਈਆਂ ਗੰਭੀਰ ਸੱਟਾਂ
ਵਿਦਿਆਰਥੀਆਂ ਦੀ ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ
Publish Date: Wed, 19 Nov 2025 08:49 PM (IST)
Updated Date: Wed, 19 Nov 2025 08:52 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਡੇਰਾਬੱਸੀ ਸਥਿਤ ਸ੍ਰੀ ਸੁਖਮਨੀ ਇੰਜੀਨੀਅਰਿੰਗ ਕਾਲਜ ਦੇ ਬਾਹਰ ਬੀਤੇ ਕੁੱਝ ਦਿਨ ਪਹਿਲਾਂ ਦਿਨ-ਦਿਹਾੜੇ ਹਿੰਸਾ ਦੀ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ, ਜਿੱਥੇ ਵਿਦਿਆਰਥੀਆਂ ਦੀ ਮਾਮੂਲੀ ਤਕਰਾਰ ਨੇ ਖ਼ੂਨੀ ਰੂਪ ਧਾਰ ਲਿਆ। ਮਿਲੀ ਜਾਣਕਾਰੀ ਅਨੁਸਾਰ ਕਰੀਬ 20 ਨੌਜਵਾਨਾਂ ਦੇ ਇਕ ਸਮੂਹ ਨੇ ਇਕ ਵਿਦਿਆਰਥੀ ਹਰਸ਼ ਰਾਣਾ ਪੁੱਤਰ ਤਰਸੇਮ ਰਾਣਾ ਵਾਸੀ ਪਿੰਡ ਲਾਲੜੂ ਨੂੰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਘੇਰ ਲਿਆ ਅਤੇ ਉਸ ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਹਨ। ਕਾਲਜ ਦੇ ਬਾਹਰ ਹੋਏ ਹਮਲੇ ਦੀ ਇਹ ਸਾਰੀ ਘਟਨਾ ਕਾਲਜ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਹਮਲੇ ਤੋਂ ਬਾਅਦ ਮੌਕੇ ਤੇ ਮੌਜੂਦ ਹੋਰ ਵਿਦਿਆਰਥੀਆਂ ਨੇ ਤੁਰੰਤ ਹਰਸ਼ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਪਹੁੰਚਾਇਆ। ਉਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ ਹੁਣ ਪੀੜਤ ਵਿਦਿਆਰਥੀ ਦੀ ਛੁੱਟੀ ਹੋ ਚੁੱਕੀ ਹੈ। ਡੇਰਾਬੱਸੀ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ ਅਤੇ ਹਮਲਾ ਕਰਨ ਵਾਲੇ ਮੁੱਖ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਨੇ ਹਮਲੇ ਵਿਚ ਸ਼ਾਮਲ 20 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁੱਖ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਨੂੰ ਦਿੱਤੇ ਬਿਆਨ ਵਿਚ ਹਰਸ਼ ਰਾਣਾ ਨੇ ਦੱਸਿਆ ਕਿ ਉਕਤ ਵਿਦਿਆਰਥੀ ਉਸ ਪਾਸੋਂ ਕਾਲਜ ਵਿਚ ਪੜ੍ਹਦੀਆਂ ਕੁੜੀਆਂ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਮੰਗਦੇ ਸੀ, ਜੋ ਉਸਨੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਬਾਅਦ ਉਨ੍ਹਾਂ ਵਿਦਿਆਰਥੀਆਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ।