ਬੱਚੇ ਨੂੰ ਫੜਨ ਲੱਗੀ ਮਜ਼ਦੂਰ ਔਰਤ ਦੀ ਪਹਿਲੀ ਮੰਜ਼ਿਲ ਤੋਂ ਡਿੱਗ ਕੇ ਮੌਤ
ਲਾਂਡਰਾਂ ਵਿਖੇ ਦਰਦਨਾਕ ਹਾਦਸਾ, ਬੱਚੇ ਨੂੰ ਫੜਨ ਲੱਗੀ ਮਜ਼ਦੂਰ ਔਰਤ ਦੀ ਪਹਿਲੀ ਮੰਜ਼ਿਲ ਤੋਂ ਡਿੱਗ ਕੇ ਮੌਤ
Publish Date: Mon, 17 Nov 2025 08:53 PM (IST)
Updated Date: Mon, 17 Nov 2025 08:55 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਲਾਂਡਰਾਂ ਵਿਖੇ ਇੱਕ ਨਿਰਮਾਣ ਅਧੀਨ ਸਾਈਟ ’ਤੇ ਦਿਲ ਕੰਬਾਊ ਹਾਦਸਾ ਵਾਪਰਨ ਦੀ ਖ਼ਬਰ ਹੈ, ਜਿੱਥੇ ਇਕ ਮਜ਼ਦੂਰ ਔਰਤ ਦੀ ਪਹਿਲੀ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਇਹ ਦੁਖਦਾਈ ਘਟਨਾ ਉਦੋਂ ਵਾਪਰੀ ਜਦੋਂ ਔਰਤ ਆਪਣੇ ਬੱਚੇ ਨੂੰ ਖ਼ਤਰਨਾਕ ਥਾਂ ਤੋਂ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਉਸ ਦਾ ਪੈਰ ਤਿਲਕ ਗਿਆ। ਮ੍ਰਿਤਕ ਔਰਤ ਦੀ ਪਛਾਣ ਨੰਨ੍ਹੀ ਵਜੋਂ ਹੋਈ ਹੈ। ਉਸ ਦੇ ਪਤੀ ਮੁਹੰਮਦ ਸ਼ੀਰ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਸਾਈਟ ਤੇ ਮਜ਼ਦੂਰੀ ਦਾ ਕੰਮ ਕਰਦੇ ਹਨ। ਮੁਹੰਮਦ ਸ਼ੀਰ ਨੇ ਜਾਣਕਾਰੀ ਦਿੱਤੀ ਕਿ ਸੋਮਵਾਰ ਦੁਪਹਿਰ ਕਰੀਬ 1 ਵਜੇ ਜਦੋਂ ਉਹ ਦੋਵੇਂ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਦਾ ਬੱਚਾ ਵੀ ਸਾਈਟ ਤੇ ਖੇਡ ਰਿਹਾ ਸੀ। ਖੇਡਦੇ-ਖੇਡਦੇ ਬੱਚਾ ਬਿਲਡਿੰਗ ਦੇ ਕਿਨਾਰੇ ਜਾ ਪਹੁੰਚਿਆ। ਉਦੋਂ ਮਾਂ ਨੰਨ੍ਹੀ ਬੱਚੇ ਨੂੰ ਫੜਨ ਲਈ ਗਈ ਪਰ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਸਿੱਧੀ ਹੇਠਾਂ ਜ਼ਮੀਨ ਤੇ ਜਾ ਡਿੱਗੀ। ਹਾਦਸੇ ਵਿਚ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਹਾਦਸੇ ਤੋਂ ਬਾਅਦ ਪਤੀ ਅਤੇ ਨਾਲ ਦੇ ਮਜ਼ਦੂਰ ਤੁਰੰਤ ਉਸ ਨੂੰ ਇਲਾਜ ਲਈ ਫੇਜ਼-6 ਦੇ ਸਿਵਲ ਹਸਪਤਾਲ ਲੈ ਕੇ ਪਹੁੰਚੇ ਪਰ ਡਾਕਟਰਾਂ ਨੇ ਕੁਝ ਦੇਰ ਜਾਂਚ ਕਰਨ ਤੋਂ ਬਾਅਦ ਔਰਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫਿਲਹਾਲ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫੇਜ਼-6 ਦੇ ਮੁਰਦਾਘਰ ’ਚ ਰੱਖਵਾ ਦਿੱਤਾ ਹੈ।