ਮੁਲਜ਼ਮ ਪ੍ਰਿਤਪਾਲ ਸਿੰਘ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ
21 ਕਿਲ੍ਹੇ ਜ਼ਮੀਨ ਹੜੱਪਣ ਦੀ ਕੋਸ਼ਿਸ਼ ਮਾਮਲੇ 'ਚ ਮੁਲਜ਼ਮ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ
Publish Date: Mon, 17 Nov 2025 09:11 PM (IST)
Updated Date: Mon, 17 Nov 2025 09:13 PM (IST)

- ਜਾਅਲੀ ਆਧਾਰ ਕਾਰਡ ਤੇ ਵਸੀਅਤ ਨਾਲ 21 ਕਿਲ੍ਹੇ ਜ਼ਮੀਨ ਹੜੱਪਣ ਦੀ ਕੋਸ਼ਿਸ਼ ਦਾ ਮਾਮਲਾ ਜੀਐੱਸ ਸੰਧੂ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਮੁਹਾਲੀ ਦੀ ਅਦਾਲਤ ਨੇ ਸੋਹਾਣਾ ਪੁਲਿਸ ਸਟੇਸ਼ਨ ਵਿਖੇ ਦਰਜ ਵੱਡੇ ਜ਼ਮੀਨੀ ਫਰੌਡ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਪ੍ਰਿਤਪਾਲ ਸਿੰਘ ਉਰਫ਼ ਡੱਲੀ ਪੁੱਤਰ ਰਾਜਮੋਹਿੰਦਰ ਸਿੰਘ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਮੁਲਜ਼ਮ ਤੇ ਥਾਣਾ ਸੋਹਾਣਾ ਵਿਖੇ ਐੱਫਆਈਆਰ ਨੰ. 358 ਮਿਤੀ 04 ਨਵੰਬਰ 2019 ਤਹਿਤ ਆਈਪੀਸੀ ਦੀਆਂ ਧਾਰਾਵਾਂ 419, 420, 465, 467, 468, 471 ਅਤੇ 120-ਬੀ (ਧੋਖਾਧੜੀ, ਜਾਅਲਸਾਜ਼ੀ ਅਤੇ ਅਪਰਾਧਿਕ ਸਾਜ਼ਿਸ਼) ਤਹਿਤ ਮਾਮਲਾ ਦਰਜ ਹੈ। ਮਾਮਲੇ ਦਾ ਵੇਰਵਾ ਅਤੇ ਗੰਭੀਰ ਦੋਸ਼ : ਇਹ ਮਾਮਲਾ ਕੰਬਾਲਾ ਪਿੰਡ ਦੀ ਕਰੀਬ 22 ਏਕੜ ਜ਼ਮੀਨ ਨਾਲ ਸਬੰਧਤ ਹੈ, ਜੋ ਸ਼ਿਕਾਇਤਕਰਤਾ ਨਰਿੰਦਰ ਸਿੰਘ ਲੋਚਬ ਅਤੇ ਉਸ ਦੇ ਭਰਾ ਅਵਤਾਰ ਸਿੰਘ (ਮ੍ਰਿਤਕ) ਦੇ ਨਾਮ ਤੇ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਅਸਲ ਅਵਤਾਰ ਸਿੰਘ ਦੀ ਮੌਤ ਸਾਲ 1976 ਵਿਚ ਕੀਨੀਆ ਵਿਖੇ ਹੋ ਚੁੱਕੀ ਸੀ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਹੋਈ ਤਫ਼ਤੀਸ਼ ਵਿਚ 29 ਅਕਤੂਬਰ 2025 ਨੂੰ ਪ੍ਰਿਤਪਾਲ ਸਿੰਘ ਉਰਫ਼ ਡੱਲੀ ਨੂੰ ਨਾਮਜ਼ਦ ਕੀਤਾ ਗਿਆ। ਪੁਲਿਸ ਮੁਤਾਬਕ, ਪ੍ਰਿਤਪਾਲ ਸਿੰਘ ਨੇ ਇਕ ਜਾਅਲੀ ਵਿਅਕਤੀ ਨੂੰ ਅਵਤਾਰ ਸਿੰਘ ਬਣਾ ਕੇ ਉਸਦਾ ਜਾਅਲੀ ਆਧਾਰ ਕਾਰਡ ਤਿਆਰ ਕਰਵਾਇਆ। ਇਸ ਜਾਅਲੀ ਅਵਤਾਰ ਸਿੰਘ ਕੋਲੋਂ 19 ਦਸੰਬਰ 2019 ਦੀ ਇਕ ਫਰਜ਼ੀ ਵਸੀਅਤ ਆਪਣੇ ਹੱਕ ਵਿਚ ਤਿਆਰ ਕਰਵਾਈ, ਜਿਸ ਦੇ ਆਧਾਰ ਤੇ ਉਹ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਸੀ। ਇੰਨਾ ਹੀ ਨਹੀਂ, ਮੁਲਜ਼ਮ ਨੇ ਜਾਅਲੀ ਅਵਤਾਰ ਸਿੰਘ ਦੀ ਮੌਤ ਦੀ ਇਤਲਾਹ ਮਾਨਸਾ ਦੇ ਰਜਿਸਟਰਾਰ ਨੂੰ ਦੇ ਕੇ ਮੌਤ ਦਾ ਫਰਜ਼ੀ ਸਰਟੀਫਿਕੇਟ ਵੀ ਜਾਰੀ ਕਰਵਾ ਲਿਆ ਸੀ। ਅਦਾਲਤ ਦਾ ਫ਼ੈਸਲਾ : ਅਦਾਲਤ ਨੇ ਮੁਲਜ਼ਮ ਦੇ ਵਕੀਲ ਜੀਐੱਸ ਔਲਖ ਦੀ ਦਲੀਲ ਕਿ ਵਸੀਅਤ ਸਹੀ ਹੈ ਅਤੇ ਮਾਮਲਾ ਦਸਤਾਵੇਜ਼ਾਂ ’ਤੇ ਆਧਾਰਿਤ ਹੈ, ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਨੋਟ ਕੀਤਾ ਕਿ ਇਹ ਮਾਮਲਾ ਐੱਨਆਰਆਈ ਭਰਾਵਾਂ ਦੀ ਕੀਮਤੀ ਜ਼ਮੀਨ ਹੜੱਪਣ ਦੀ ਇਕ ਵਿਸਤ੍ਰਿਤ ਅਤੇ ਗੁੰਝਲਦਾਰ ਸਾਜ਼ਿਸ਼ ਹੈ। ਮਾਨਯੋਗ ਅਦਾਲਤ ਨੇ ਕਿਹਾ ਕਿ ਦੋਸ਼ਾਂ ਦੀ ਗੰਭੀਰਤਾ ਅਤੇ ਸਾਜ਼ਿਸ਼ ਦੀ ਪੂਰੀ ਲੜੀ ਨੂੰ ਸਾਹਮਣੇ ਲਿਆਉਣ ਲਈ ਮੁਲਜ਼ਮ ਪ੍ਰਿਤਪਾਲ ਸਿੰਘ ਦੀ ਹਿਰਾਸਤੀ ਪੁੱਛਗਿੱਛ ਬਹੁਤ ਜ਼ਰੂਰੀ ਹੈ। ਇਸ ਕਾਰਨ ਅਗਾਊਂ ਜ਼ਮਾਨਤ ਲਈ ਕੋਈ ਆਧਾਰ ਨਹੀਂ ਬਣਦਾ ਅਤੇ ਅਰਜ਼ੀ ਖਾਰਜ ਕੀਤੀ ਜਾਂਦੀ ਹੈ।