ਫੇਜ਼-7 ਨਿਵਾਸੀ ਤੇਜਪਾਲ ਸਿੰਘ ਦੇ ਬੈਂਕ ਖਾਤੇ ਤੋਂ ਬਿਨਾਂ ਜਾਣਕਾਰੀ 20 ਲੱਖ ਰੁਪਏ ਗਾਇਬ ਹੋਣ ਦੇ ਮਾਮਲੇ ਵਿਚ ਸਾਈਬਰ ਕਰਾਈਮ ਪੁਲਿਸ ਸਟੇਸ਼ਨ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਉਨ੍ਹਾਂ ਦੇ ਖਾਤਿਆਂ ਤੋਂ ਕਈ ਆਨਲਾਈਨ ਟਰਾਂਜੇਕਸ਼ਨ ਕੀਤੀਆਂ ਗਈਆਂ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਮਿਲੀ।

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ। ਫੇਜ਼-7 ਨਿਵਾਸੀ ਤੇਜਪਾਲ ਸਿੰਘ ਦੇ ਬੈਂਕ ਖਾਤੇ ਤੋਂ ਬਿਨਾਂ ਜਾਣਕਾਰੀ 20 ਲੱਖ ਰੁਪਏ ਗਾਇਬ ਹੋਣ ਦੇ ਮਾਮਲੇ ਵਿਚ ਸਾਈਬਰ ਕਰਾਈਮ ਪੁਲਿਸ ਸਟੇਸ਼ਨ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਉਨ੍ਹਾਂ ਦੇ ਖਾਤਿਆਂ ਤੋਂ ਕਈ ਆਨਲਾਈਨ ਟਰਾਂਜੇਕਸ਼ਨ ਕੀਤੀਆਂ ਗਈਆਂ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਮਿਲੀ।
ਤੇਜਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਪ੍ਰਾਈਵੇਟ ਬੈਂਕ ਵਿਚ ਆਪਣੇ ਅਤੇ ਪਤਨੀ ਦੇ ਨਾਮ ’ਤੇ ਖਾਤੇ ਖੋਲ੍ਹੇ ਹੋਏ ਹਨ ਅਤੇ ਕਿਸਾਨ ਕਰੈਡਿਟ ਕਾਰਡ ਸਕੀਮ ਤਹਿਤ ਉਨ੍ਹਾਂ ਨੂੰ ਤਿੰਨ ਖਾਤਿਆਂ ’ਤੇ ਲਗਪਗ 55 ਲੱਖ ਰੁਪਏ ਦੀ ਲਿਮਟ ਮਿਲੀ ਹੋਈ ਸੀ। ਬੈਂਕ ਵੱਲੋਂ ਉਨ੍ਹਾਂ ਨੂੰ ਤਿੰਨ ਡੈਬਿਟ ਕਾਰਡ ਵੀ ਜਾਰੀ ਕੀਤੇ ਗਏ ਸਨ।
ਕੁਝ ਦਿਨ ਪਹਿਲਾਂ ਜਦੋਂ ਉਹ ਇਕ ਲੱਖ ਰੁਪਏ ਕੈਸ਼ ਜਮ੍ਹਾ ਕਰਵਾਉਣ ਬੈਂਕ ਪਹੁੰਚੇ ਤਾਂ ਬੈਂਕ ਸਟਾਫ਼ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਖਾਤਿਆਂ ਤੋਂ ਕਈ ਟ੍ਰਾਂਜੈਕਸ਼ਨ ਹੋ ਚੁੱਕੀਆਂ ਹਨ। ਸ਼ਿਕਾਇਤਕਰਤਾ ਦੇ ਮੁਤਾਬਕ ਉਨ੍ਹਾਂ ਨੇ ਕੋਈ ਟਰਾਂਜੈਕਸ਼ਨ ਨਹੀਂ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬੈਂਕ ਸਟੇਟਮੈਂਟ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਅਣਜਾਣ ਨੰਬਰਾਂ ਰਾਹੀਂ ਤਕਰੀਬਨ 20 ਲੱਖ ਰੁਪਏ ਦੀ ਰਕਮ ਕੱਢ ਲਈ ਗਈ ਹੈ।
ਸ਼ਿਕਾਇਤਕਰਤਾ ਨੇ ਬੈਂਕ ਪ੍ਰਬੰਧਨ ’ਤੇ ਵੀ ਸ਼ੱਕ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ 70 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ 'ਤੇ ਉਨ੍ਹਾਂ ਦੇ ਮੋਬਾਈਲ 'ਤੇ ਸੁਨੇਹਾ ਆਇਆ ਸੀ ਪਰ 20 ਲੱਖ ਦੀ ਟਰਾਂਜੈਕਸ਼ਨ ਬਾਰੇ ਉਨ੍ਹਾਂ ਨੂੰ ਕੋਈ ਮੈਸੇਜ ਨਹੀਂ ਮਿਲਿਆ। ਇਸ ਤੋਂ ਇਲਾਵਾ ਬੈਂਕ ਨੇ ਉਨ੍ਹਾਂ ਦੀ ਈ-ਮੇਲ ਆਈਡੀ ਵੀ ਸਿਸਟਮ ਵਿਚ ਅਪਡੇਟ ਨਹੀਂ ਕੀਤੀ, ਜਿਸ ਕਰਕੇ ਉਨ੍ਹਾਂ ਨੂੰ ਈ-ਮੇਲ ਰਾਹੀਂ ਵੀ ਕੋਈ ਨੋਟੀਫਿਕੇਸ਼ਨ ਨਹੀਂ ਮਿਲ ਸਕਿਆ।