ਚੋਣ ਆਬਜ਼ਰਵਰ ਦੀ ਮੌਜੂਦਗੀ ’ਚ ਚੋਣ ਅਮਲੇ ਦੀ ਹੋਈ ਰੈਂਡੇਮਾਈਜੇਸ਼ਨ
ਅਗਾਮੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ
Publish Date: Fri, 05 Dec 2025 06:44 PM (IST)
Updated Date: Sat, 06 Dec 2025 04:09 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਅਗਾਮੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਚੋਣ ਪ੍ਰਕਿਰਿਆ ਲਈ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜ਼ੇਸ਼ਨ ਇੱਥੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਆਬਜ਼ਰਵਰ ਨਿਯੁਕਤ ਆਈਏਐੱਸ ਅਧਿਕਾਰੀ ਗੁਲਪ੍ਰੀਤ ਸਿੰਘ ਔਲਖ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਟੀ.ਬੈਨਿਥ (ਵਾਧੂ ਚਾਰਜ) ਦੀ ਮੌਜੂਦਗੀ ਵਿੱਚ ਹੋਈ। ਇਸ ਦੌਰਾਨ ਚੋਣ ਆਬਜ਼ਰਵਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 547 ਪੋਲਿੰਗ ਬੂਥ ਹਨ। ਉਨ੍ਹਾਂ ਦੱਸਿਆ ਕਿ ਅੱਜ ਪੋਲਿੰਗ ਸਟਾਫ਼ ਦੀ ਪਹਿਲੀ ਰੈਂਡੇਮਾਈਜ਼ੇਸ਼ਨ ਹੋਈ ਹੈ। ਜ਼ਿਲ੍ਹੇ ਵਿਚ ਚੋਣਾਂ ਸੁੱਚਜੇ ਢੰਗ ਨਾਲ ਕਰਵਾਉਣ ਲਈ ਪੋਲਿੰਗ ਸਟਾਫ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਇਸ ਤੋਂ ਇਲਾਵਾ ਕਰੀਬ 50 ਫ਼ੀਸਦੀ ਵਾਧੂ ਪੋਲਿੰਗ ਸਟਾਫ਼ ਰੱਖਿਆ ਜਾਵੇਗਾ ਤਾਂ ਜੋ ਚੋਣ ਅਮਲ ਨੂੰ ਅਮਨ-ਅਮਾਨ ਅਤੇ ਬਿਹਤਰ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਡੀਸੀ-ਕਮ-ਜ਼ਿਲ੍ਹਾ ਚੋਣ ਅਫ਼ਸਰ ਟੀ.ਬੈਨਿਥ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ 11 ਜ਼ੋਨਾਂ ਲਈ ਚੋਣਾਂ ਹੋ ਰਹੀਆਂ ਹਨ। ਇਸ ਲਈ ਰਿਟਰਨਿੰਗ ਅਫ਼ਸਰ ਐਸਡੀਐਮ ਮਾਨਸਾ ਹਨ। ਪੰਚਾਇਤ ਸੰਮਤੀ ਮਾਨਸਾ ਦੇ 25 ਜ਼ੋਨਾਂ ਲਈ ਚੋਣਾਂ ਹੋਣੀਆਂ ਹਨ, ਜਿਸ ਦੇ ਰਿਟਰਨਿੰਗ ਅਫ਼ਸਰ ਐਕਸੀਅਨ ਮਾਈਨਜ਼ ਹਨ। ਪੰਚਾਇਤ ਸੰਮਤੀ ਸਰਦੂਲਗੜ੍ਹ ਦੇ 15 ਜ਼ੋਨਾਂ ਲਈ ਐਸ.ਡੀ.ਐਮ. ਸਰਦੂਲਗੜ੍ਹ ਰਿਟਰਨਿੰਗ ਅਫ਼ਸਰ ਹਨ। ਪੰਚਾਇਤ ਸੰਮਤੀ ਬੁਢਲਾਡਾ ਦੇ 25 ਜ਼ੋਨਾਂ ਲਈ ਰਿਟਰਨਿੰਗ ਅਫ਼ਸਰ ਐੱਸਡੀਐੱਮ ਬੁਢਲਾਡਾ ਹਨ। ਪੰਚਾਇਤ ਸੰਮਤੀ ਝੁਨੀਰ ਦੇ 21 ਜ਼ੋਨਾਂ ਲਈ ਚੋਣਾਂ ਹੋਣੀਆਂ ਹਨ, ਜਿਸ ਲਈ ਮੰਡਲ ਇੰਜੀਨੀਅਰ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਨੂੰ ਰਿਟਰਨਿੰਗ ਅਫ਼ਸਰ ਝੁਨੀਰ ਲਗਾਇਆ ਗਿਆ ਹੈ। ਇਸ ਮੌਕੇ ਏਡੀਸੀ (ਵਿਕਾਸ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ, ਜ਼ਿਲ੍ਹਾ ਸਿੱਖਿਆ ਅਫ਼ਸਰ ਨੀਲਮ ਰਾਣੀ, ਜ਼ਿਲ੍ਹਾ ਸੂਚਨਾ ਅਫ਼ਸਰ ਰਵੀਨਾ ਮੌਜੂਦ ਸਨ।