ਬਠਿੰਡਾ: ਕੋਟਕਪੂਰਾ ਪੁਲਿਸ ਦੀ ਹਾਜ਼ਰੀ 'ਚ ਨੌਜਵਾਨ ਨੂੰ ਮਾਰੀ ਗੋਲੀ , ਪਿੰਡ ਗੁਰੂਸਰ ਸੈਣੇਵਾਲਾ 'ਚ ਵਾਪਰੀ ਘਟਨਾ
ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਗੋਲੀ ਕਿਸਨੇ ਚਲਾਈ ਅਤੇ ਘਟਨਾ ਦੇ ਪਿੱਛੇ ਅਸਲ ਕਾਰਨ ਕੀ ਸੀ। ਪੁਲਿਸ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕਰਕੇ ਵੱਖ-ਵੱਖ ਪੱਖਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
Publish Date: Wed, 29 Apr 2026 10:34 AM (IST)
Updated Date: Wed, 29 Apr 2026 10:51 AM (IST)
ਸੀਨੀਅਰ ਸਟਾਫ ਰਿਪੋਰਟਰ, ਬਠਿੰਡਾ: ਜ਼ਿਲ੍ਹੇ ਦੇ ਪਿੰਡ ਗੁਰੂਸਰ ਸੈਣੇਵਾਲਾ ਵਿੱਚ ਜ਼ਮੀਨੀ ਵਿਵਾਦ ਦੇ ਮਾਮਲੇ ਦੌਰਾਨ ਇਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖਮੀ ਨੂੰ ਪਹਿਲਾਂ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਹਾਲਤ ਨਾਜ਼ੁਕ ਹੋਣ ਕਾਰਨ ਏਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ। ਇਹ ਘਟਨਾ ਕੋਟਕਪੂਰਾ ਪੁਲਿਸ ਦੀ ਹਾਜ਼ਰੀ ਵਿੱਚ ਵਾਪਰੀ ਹੈ।
ਜਾਣਕਾਰੀ ਅਨੁਸਾਰ 29 ਅਪ੍ਰੈਲ ਨੂੰ ਥਾਣਾ ਕੋਟਕਪੂਰਾ ਦੀ ਪੁਲਿਸ ਟੀਮ, ਜਿਸ ਦੀ ਅਗਵਾਈ ਐਸਐਚਓ ਚਮਕੌਰ ਸਿੰਘ ਕਰ ਰਹੇ ਸਨ, ਰਾਜਾ ਸਿੰਘ ਪੁੱਤਰ ਵਾਸੀ ਕੋਟਕਪੂਰਾ ਦੀ ਸ਼ਿਕਾਇਤ ’ਤੇ ਪਿੰਡ ਗੁਰੂਸਰ ਸੈਣੇਵਾਲਾ ਪਹੁੰਚੀ ਸੀ। ਦੱਸਿਆ ਜਾ ਰਿਹਾ ਹੈ ਕਿ ਰਾਜਾ ਸਿੰਘ ਦਾ ਚਚੇਰਾ ਭਰਾ ਨਿਰਮਲ ਸਿੰਘ ਟੀਟੂ ਪੁੱਤਰ ਮੇਜਰ ਸਿੰਘ ਆਪਣੀ ਭੂਆ ਨੂੰ ਜ਼ਮੀਨੀ ਵਿਵਾਦ ਸਬੰਧੀ ਆਪਣੇ ਪਿੰਡ ਗੁਰੂਸਰ ਸੈਣੇਵਾਲਾ ਲੈ ਕੇ ਆਇਆ ਸੀ।
ਇਸੇ ਦੌਰਾਨ ਅਚਾਨਕ ਗੋਲੀ ਚੱਲ ਗਈ, ਜੋ ਨਿਰਮਲ ਸਿੰਘ ਟੀਟੂ ਦੇ ਪੇਟ ਵਿੱਚ ਲੱਗੀ। ਗੋਲੀ ਲੱਗਣ ਨਾਲ ਉਹ ਲਹੂ-ਲੁਹਾਣ ਹੋ ਕੇ ਡਿੱਗ ਪਿਆ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਉਸ ਨੂੰ ਤੁਰੰਤ ਮੈਕਸ ਸੁਪਰਸਪੈਸ਼ਲਿਟੀ ਹਸਪਤਾਲ ਬਠਿੰਡਾ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਏਮਜ਼ ਬਠਿੰਡਾ ਰੈਫਰ ਕਰ ਦਿੱਤਾ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਗੋਲੀ ਕਿਸਨੇ ਚਲਾਈ ਅਤੇ ਘਟਨਾ ਦੇ ਪਿੱਛੇ ਅਸਲ ਕਾਰਨ ਕੀ ਸੀ। ਪੁਲਿਸ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕਰਕੇ ਵੱਖ-ਵੱਖ ਪੱਖਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਡੀਐਸਪੀ ਬਠਿੰਡਾ ਦਿਹਾਤੀ ਹਰਵਿੰਦਰ ਸਿੰਘ ਸਰਾਂ ਦਾ ਕਹਿਣਾ ਹੈ ਕਿ ਕੋਟਕਪੂਰਾ ਪੁਲਿਸ ਬਠਿੰਡਾ ਜਿਲ੍ਹੇ ਦੇ ਪਿੰਡ ਗੁਰੂਸਰ ਸੈਣੇਵਾਲਾ ਆਈ ਸੀ ਅਤੇ ਪੁਲਿਸ ਨਾਲ ਕੁਝ ਸਿਵਲ ਕੱਪੜਿਆਂ ਵਿੱਚ ਵੀ ਵਿਅਕਤੀ ਸਨ। ਉਹਨਾਂ ਦੱਸਿਆ ਕਿ ਮਾਮਲੇ ਪੜਤਾਲ ਕੀਤੀ ਜਾ ਰਹੀ ਹੈ।