ਐੱਸਐੱਸਪੀ ਵੱਲੋਂ ਮਾਨਸਾ ਵਿਖੇ ਨਸ਼ਾ ਪ੍ਰਭਾਵਿਤ ਇਲਾਕਿਆਂ ’ਚ ਚੈਕਿੰਗ
ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ.
Publish Date: Sat, 17 Jan 2026 06:16 PM (IST)
Updated Date: Sun, 18 Jan 2026 04:13 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਜ਼ਿਲ੍ਹਾ ਮਾਨਸਾ ਅੰਦਰ ਹਰਜੀਤ ਸਿੰਘ ਆਈਪੀਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ, ਦੀ ਅਗਵਾਈ ਹੇਠ ਨਸ਼ੇ ਖਿਲਾਫ਼ ਵੱਡਾ ਐਕਸ਼ਨ ਲੈਂਦੇ ਹੋਏ ਅਪਰੇਸ਼ਨ 'ਯੁੱਧ ਨਸ਼ਿਆ ਵਿਰੁੱਧ' ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ “ਨਸ਼ਾ ਪ੍ਰਭਾਵਿਤ ਇਲਾਕਿਆਂ’’ ਦੀ ਅਸਰਦਾਰ ਢੰਗ ਨਾਲ ਨਾਕਾ ਬੰਦੀ ਕਰਕੇ ਸਵੇਰੇ 11.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਸਰਚ ਕੀਤੀ ਗਈ। ਇਸ ਸਰਚ ਅਪਰੇਸ਼ਨ ਦੌਰਾਨ 20 ਪੁਲਿਸ ਪਾਰਟੀਆਂ ਜਿਨ੍ਹਾਂ ਵਿਚ 1 ਐੱਸਪੀ, 6 ਡੀਐੱਸਪੀ, 12 ਮੁੱਖ ਅਫ਼ਸਰ, ਇੰਚਾਰਜ ਸੀਆਈਏ ਸਟਾਫ਼ ਮਾਨਸਾ ਦੇ ਕੁੱਲ੍ਹ 428 ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ। ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਇਸ ਅਪਰੇਸ਼ਨ ਦੌਰਾਨ ਜ਼ਿਲ੍ਹੇ ਅੰਦਰ 39 ਨਸ਼ਾ ਪ੍ਰਭਾਵਿਤ ਇਲਾਕਿਆਂ ਦੀ ਸਰਚ ਕਰਕੇ 57 ਸ਼ੱਕੀ ਵਿਅਕਤੀਆ ਦੀ ਚੈਕਿੰਗ਼ ਕੀਤੀ। ਚੈਕਿੰਗ਼ ਦੌਰਾਨ 8 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੁੱਧ ਐਨਡੀਪੀਐਸ ਐਕਟ ਤਹਿਤ 6 ਮੁਕੱਦਮੇ ਦਰਜ ਕਰਕੇ 14 ਗ੍ਰਾਮ ਹੈਰੋਇਨ, 104 ਪਾਬੰਦੀਸ਼ੁਦਾ ਗੋਲੀਆਂ ਅਤੇ ਇਸ ਤੋਂ ਇਲਾਵਾ 1 ਮੁਕੱਦਮਾ ਦਰਜ ਕਰਕੇ 45 ਸਿਗਨੇਚਰ ਕੈਪਸੂਲ ਦੀ ਬਰਾਮਦਗੀ ਕੀਤੀ ਗਈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੇ ਬੈਕਵਰਡ ਅਤੇ ਫ਼ਾਰਵਰਡ ਲਿੰਕ ਸ਼ਨਾਖਤ ਕਰਕੇ ਹੋਰ ਬਰਾਮਦਗੀ ਕਰਵਾਈ ਜਾਵੇਗੀ। ਭਾਗੀਰਥ ਸਿੰਘ ਮੀਨਾ, ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਵਿਸੇਸ਼ ਮੁਹਿੰਮ ਆਰੰਭ ਕਰਕੇ ਰੋਜ਼ਾਨਾ ਹੀ ਗਸ਼ਤਾਂ, ਨਾਕਾਬੰਦੀਆਂ ਤੇ ਸਰਚ ਆਪ੍ਰੇਸ਼ਨ ਅਸਰਦਾਰ ਢੰਗ ਨਾਲ ਕਰਕੇ ਮਾੜੇ ਅਨਸਰਾਂ ਨੂੰ ਕਾਬੂ ਕਰਕੇ, ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਮੁਕੱਦਮੇ ਦਰਜ ਕਰਕੇ ਵੱਡੀ ਬਰਾਮਦਗੀ ਕਰਵਾਈ ਜਾਵੇਗੀ। ਇਸ ਤੋ ਇਲਾਵਾ ਸ਼ਹਿਰਾਂ ਅਤੇ ਪਿੰਡਾਂ ਦੇ ਸਕੂਲ ਵਿੱਚ ਨਸ਼ਿਆਂ ਸਬੰਧੀ ਸੈਮੀਨਾਰ ਕਰਕੇ ਨੌਜਵਾਨਾਂ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ। ਮਾਨਸਾ ਪੁਲਿਸ ਵੱਲੋਂ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾ ਰਿਹਾ ਹੈ।