ਅਕਾਲੀ ਆਗੂ ਦੇ ਪੁੱਤਰ 'ਤੇ ਹਮਲਾ ਕਰਨ ਵਾਲੇ ਦੋ ਮੁਲਜ਼ਮ ਕਾਬੂ, 12 ਲੱਖ ਦੀ ਏਟੀਐਮ ਚੋਰੀ ਦੇ ਕੇਸ ਵੀ ਆਏ ਸਾਹਮਣੇ
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਮੁਲਜ਼ਮ ਗੁਰਪ੍ਰੀਤ ਸਿੰਘ ਖਿਲਾਫ ਮੁੰਬਈ ਦੇ ਨਹਿਰੂ ਨਗਰ ਅਤੇ ਗਾਟਕੋਪਰ ਥਾਣਿਆਂ ਵਿੱਚ ਏਟੀਐਮ ਤੋੜ ਕੇ ਕਰੀਬ 12 ਲੱਖ ਰੁਪਏ ਦੀ ਨਕਦੀ ਚੋਰੀ ਕਰਨ ਦੇ ਦੋ ਮਾਮਲੇ ਜੁਲਾਈ 2025 ਵਿੱਚ ਦਰਜ ਹਨ।
Publish Date: Fri, 22 May 2026 12:57 PM (IST)
Updated Date: Fri, 22 May 2026 12:58 PM (IST)
ਸੀਨੀਅਰ ਰਿਪੋਰਟਰ , ਬਠਿੰਡਾ। ਭੁੱਚੋ ਮੰਡੀ ਵਿੱਚ ਅਕਾਲੀ ਆਗੂ ਨਰਦੀਪ ਗਰਗ ਦੇ ਪੁੱਤਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਕਾਪਾ ਵੀ ਬਰਾਮਦ ਕੀਤਾ ਹੈ।
ਇਸ ਸਬੰਧੀ ਥਾਣਾ ਨਥਾਣਾ ਵਿੱਚ ਮੁਕੱਦਮਾ ਨੰਬਰ 117 ਮਿਤੀ 17 ਮਈ 2026 ਅਧੀਨ ਧਾਰਾ 109, 118(1), 115(2), 3(5), 324(4) ਬੀਐਨਐੱਸ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਐੱਸਐੱਸਪੀ ਬਠਿੰਡਾ ਡਾ. ਜਯੋਤੀ ਯਾਦਵ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸਪੀ ਸਿਟੀ ਨਰਿੰਦਰ ਸਿੰਘ ਅਤੇ ਡੀਐੱਸਪੀ ਭੁੱਚੋ ਪ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਚੌਂਕੀ ਭੁੱਚੋ ਪੁਲਿਸ ਨੇ ਕਾਰਵਾਈ ਕਰਦਿਆਂ ਮਾਮਲੇ ਨੂੰ ਟਰੇਸ ਕੀਤਾ। ਪੁਲਿਸ ਮੁਤਾਬਕ 16 ਮਈ ਨੂੰ ਆਦੇਸ਼ ਹਸਪਤਾਲ ਵੱਲੋਂ ਜੈਦੀਪ ਗਰਗ ਨਾਮਕ ਵਿਅਕਤੀ ਦੇ ਜ਼ਖ਼ਮੀ ਹੋਣ ਸਬੰਧੀ ਰੁੱਕਾ ਪ੍ਰਾਪਤ ਹੋਇਆ ਸੀ, ਜਿਸ ਦੇ ਆਧਾਰ ’ਤੇ ਅਗਲੇ ਦਿਨ ਕੇਸ ਦਰਜ ਕੀਤਾ ਗਿਆ।
ਤਫਤੀਸ਼ ਦੌਰਾਨ ਪੁਲਿਸ ਨੇ ਸੁੰਦਰ ਸਿੰਘ ਉਰਫ਼ ਖੁਸ਼ੀ ਵਾਸੀ ਗੁਰੂ ਅਰਜਨ ਦੇਵ ਨਗਰ ਭੁੱਚੋ ਮੰਡੀ, ਗੁਰਪ੍ਰੀਤ ਸਿੰਘ ਵਾਸੀ ਵਰਮਾ ਬਸਤੀ ਭੁੱਚੋ ਮੰਡੀ, ਕਰਨ ਸਿੰਘ ਉਰਫ਼ ਫਿਰੰਗੀ ਅਤੇ ਭੰਗੂ ਨੂੰ ਨਾਮਜ਼ਦ ਕੀਤਾ। ਇਨ੍ਹਾਂ ਵਿੱਚੋਂ ਸੁੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਲਹਿਰਾ ਬੇਗਾ ਰੋਡ ’ਤੇ ਇੱਕ ਸਕਾਰਪੀਓ ਗੱਡੀ ਕੋਲ ਤਕਰਾਰ ਹੋਣ ਤੋਂ ਬਾਅਦ ਗੱਲ ਹੱਥਾਪਾਈ ਤੱਕ ਪਹੁੰਚ ਗਈ ਸੀ। ਇਸ ਦੌਰਾਨ ਇੱਕ ਮੁਲਜ਼ਮ ਨੇ ਕਾਪੇ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਪੀੜਤ ਜ਼ਖ਼ਮੀ ਹੋ ਗਿਆ ਅਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਮੁਲਜ਼ਮ ਗੁਰਪ੍ਰੀਤ ਸਿੰਘ ਖਿਲਾਫ ਮੁੰਬਈ ਦੇ ਨਹਿਰੂ ਨਗਰ ਅਤੇ ਗਾਟਕੋਪਰ ਥਾਣਿਆਂ ਵਿੱਚ ਏਟੀਐਮ ਤੋੜ ਕੇ ਕਰੀਬ 12 ਲੱਖ ਰੁਪਏ ਦੀ ਨਕਦੀ ਚੋਰੀ ਕਰਨ ਦੇ ਦੋ ਮਾਮਲੇ ਜੁਲਾਈ 2025 ਵਿੱਚ ਦਰਜ ਹਨ।
ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।