ਕਿਸੇ ਸਮੇਂ ਘੱਗਰ ਦਰਿਆ ਲੋਕਾਂ ਲਈ ਵਰਦਾਨ ਹੁੰਦਾ

-ਸਰਦੂਲਗੜ੍ਹ ਇਲਾਕੇ ’ਚ ਤੇਜ਼ੀ ਨਾਲ ਫੈਲ ਰਿਹੈ ਕੈਂਸਰ ਤੇ ਕਾਲਾ ਪੀਲੀਆ
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ
ਕਿਸੇ ਸਮੇਂ ਘੱਗਰ ਦਰਿਆ ਲੋਕਾਂ ਲਈ ਵਰਦਾਨ ਹੁੰਦਾ ਸੀ ਘੱਗਰ ਕੰਢੇ ਵੱਸਦੇ ਲੋਕ ਆਪਣੀਆਂ ਰੋਜ਼ਾਨਾ ਦੀਆਂ ਪਾਣੀ ਦੀਆਂ ਜ਼ਰੂਰਤਾਂ ਘੱਗਰ ਤੋਂ ਪੂਰੀਆਂ ਕਰਦੇ ਸਨ, ਪਰ ਹੁਣ ਇਹ ਘੱਗਰ ਦਰਿਆ ਲੋਕਾਂ ਲਈ ਵਰਦਾਨ ਦੀ ਜਗ੍ਹਾ ਸ਼ਰਾਪ ਬਣ ਚੁੱਕਿਆ ਹੈ। ਇਸ ਵਿਚ ਫੈਕਟਰੀਆਂ ‘ਚੋਂ ਨਿਕਲਣ ਵਾਲਾ ਗੰਦਾ ਪਾਣੀ ਵੱਗਣ ਕਾਰਨ ਜਿੱਥੇ ਘੱਗਰ ਦੇ ਆਲੇ ਦੁਆਲੇ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ, ਉੱਥੇ ਹੀ ਇਸ ਪਾਣੀ ਵਿੱਚੋਂ ਆਉਂਦੀ ਬਦਬੂ ਨੇ ਲੋਕਾਂ ਨੂੰ ਜਿਉਣਾ ਦੁੱਭਰ ਕੀਤਾ ਹੋਇਆ ਹੈ। ਘੱਗਰ ਕੰਢੇ ਵਸਦੇ ਲੋਕਾਂ ’ਚ ਜਾਨਲੇਵਾ ਬਿਮਾਰੀਆਂ ਜਿਵੇਂ ਕਿ ਕੈਂਸਰ ਤੇ ਕਾਲਾ ਪੀਲੀਆ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਸਬੰਧੀ ਪਹਿਲਾਂ ਵੀ ਕਈ ਵਾਰ ਅਖਬਾਰਾਂ ਵਿੱਚ ਖਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪਰ ਪ੍ਰਸ਼ਾਸਨ ਅੱਖਾਂ ਮੀਟ ਕੇ ਬੈਠਾ ਹੋਇਆ ਹੈ। ਘੱਗਰ ’ਚ ਆ ਰਹੇ ਇਸ ਕੈਮੀਕਲ ਯੁਕਤ ਫੈਕਟਰੀਆਂ ਦੇ ਪਾਣੀ ਤੋਂ ਇਲਾਕੇ ਦੇ ਜਾਗਰੂਕ ਨਾਗਰਿਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਲਦੀ ਹੀ ਇਸ ਪਾਸੇ ਠੋਸ ਕਦਮ ਚੁੱਕੇ ਜਾਣ।
-ਬਾਕਸ-
-ਜ਼ਹਿਰੀਲੇ ਤੇ ਬਦਬੂਦਾਰ ਪਾਣੀ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵਧਾਇਆ
ਡਾ. ਬਿਕਰਜੀਤ ਸਿੰਘ ਸਾਧੂਵਾਲਾ ਨੇ ਕਿਹਾ ਕਿ ਘੱਗਰ ’ਚ ਆ ਰਹੇ ਗੰਦੇ ਪਾਣੀ ਕੰਢੇ ਬੈਠੇ ਲੋਕਾਂ ਨੂੰ ਲਗਾਤਾਰ ਘਾਤਕ ਬਿਮਾਰੀਆਂ ਕੈਂਸਰ, ਕਾਲਾ ਪੀਲੀਆ ਤੇ ਚਮੜੀ ਦੇ ਰੋਗ ਵੰਡ ਰਿਹਾ ਹੈ ਪਰ ਪ੍ਰਸ਼ਾਸਨ ਤੇ ਸਰਕਾਰਾਂ ਸਭ ਕੁਝ ਜਾਣਦੇ ਹੋਏ ਵੀ ਮੌਨ ਧਾਰਨ ਕਰਕੇ ਬੈਠੀਆਂ ਹੋਈਆਂ ਹਨ ਜਾਂ ਇੰਞ ਕਹਿ ਲਈਏ ਕਿ ਲੋਕਾਂ ਨੂੰ ਮਰਨ ਲਈ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਵੇਰੇ ਤੇ ਸ਼ਾਮ ਨੂੰ ਜਿਸ ਪਾਸੇ ਦੀ ਹਵਾ ਚੱਲ ਰਹੀ ਹੁੰਦੀ ਹੈ। ਉਸ ਪਾਸੇ ਘੱਗਰ ਕੰਢੇ ਦੋ ਮਿੰਟ ਵੀ ਖੜ੍ਹਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਹਵਾ ਵਿਚ ਮਿਕਸ ਹੋ ਕੇ ਇਹ ਬਦਬੂ ਦੂਰ-ਦੂਰ ਤੱਕ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੀ ਹੈ। ਪ੍ਰੋਫ਼ੈਸਰ ਸਾਧੂਵਾਲਾ ਨੇ ਕਿਹਾ ਕਿ 2023 ਦੌਰਾਨ ਘੱਗਰ ’ਚ ਭਿਆਨਕ ਹੜ੍ਹ ਆਏ। ਉਸ ਬਾਅਦ 2025 ਵਿਚ ਵੀ ਕੰਢੇ ਤੱਕ ਚਲਦੀ ਘੱਗਰ ਨੇ ਲੋਕਾਂ ਨੂੰ ਡਰ ਦੇ ਸਾਏ ਵਿਚ ਰੱਖਿਆ। ਇਨ੍ਹਾਂ ਸਭ ਔਕੜਾਂ ਤੋਂ ਹਾਲੇ ਲੋਕ ਉਭਰੇ ਹੀ ਨਹੀਂ ਸਨ ਕਿ ਹੁਣ ਘੱਗਰ ਵਿੱਚ ਆ ਰਹੇ ਜ਼ਹਿਰੀਲੇ ਤੇ ਬਦਬੂਦਾਰ ਪਾਣੀ ਨੇ ਘੱਗਰ ਕੰਢੇ ਰਹਿੰਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਸ ਤੋਂ ਵੀ ਜ਼ਿਆਦਾ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ 1974 ਦੇ ਵਾਤਾਵਰਨ ਐਕਟ ਵਿਚ ਕੀਤਾ ਬਦਲਾਅ ਅਹਿਮ ਰੋਲ ਨਿਭਾਅ ਰਿਹਾ ਹੈ। ਇਸ ਐਕਟ ਵਿਚ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲਿਆਂ ਲਈ ਸਜ਼ਾ ਦੀ ਵਿਵਸਥਾ ਸੀ ਪਰ ਹੁਣ ਦੋਵੇਂ ਸਰਕਾਰਾਂ ਨੇ ਸਜ਼ਾ ਨੂੰ ਖ਼ਤਮ ਕਰ ਕੇ ਸਿਰਫ਼ ਜੁਰਮਾਨੇ ਤੱਕ ਹੀ ਸੀਮਤ ਕਰ ਦਿੱਤਾ ਹੈ। ਇਸ ਕਾਰਨ ਕਾਰਪੋਰੇਟ ਘਰਾਣੇ ਉਚ ਅਧਿਕਾਰੀਆਂ ਨਾਲ ਚੰਗੇ ਸਬੰਧ ਬਣਾ ਕੇ ਜਿੱਥੇ ਆਪਣੇ ਆਪ ਨੂੰ ਜੁਰਮਾਨੇ ਤੋਂ ਬਚਾਅ ਲੈਂਦੇ ਹਨ, ਉੱਥੇ ਹੀ ਫ਼ੈਕਟਰੀਆਂ ਦਾ ਜ਼ਹਿਰੀਲਾ ਪਾਣੀ ਘੱਗਰ ਦਰਿਆ ਵਿਚ ਛੱਡ ਕੇ ਸ਼ਰੇਆਮ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ।
-ਬਾਕਸ-
-ਜ਼ਹਿਰੀਲੇ ਪਾਣੀ ਨੇ ਲੋਕਾਂ ਦਾ ਜਿਊਣਾ ਕੀਤਾ ਮੁਸ਼ਕਲ
ਜਤਿੰਦਰ ਸਿੰਘ ਸੋਢੀ (ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ) ਨੇ ਕਿਹਾ ਕਿ ਘੱਗਰ ਕੰਢੇ ਰਹਿਣ ਵਾਲੇ ਲੋਕ ਜਿੱਥੇ ਇਸ ਵਿਚ ਵਗ ਰਹੇ ਜ਼ਹਿਰੀਲੇ ਪਾਣੀ ਤੋਂ ਪ੍ਰਭਾਵਿਤ ਹੋ ਰਹੇ ਹਨ, ਉਥੇ ਹੀ ਪਸ਼ੂ ਪੰਛੀ ਅਤੇ ਬਨਸਪਤੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਜਦੋਂ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਅਤੇ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਸ਼ਾਮਲ ਕਰਕੇ ਸਿੱਟ ਦੀ ਸਥਾਪਨਾ ਕੀਤੀ ਸੀ, ਜੋ ਕਿ ਹਰ ਮਹੀਨੇ ਘੱਗਰ ਦੇ ਪਾਣੀ ਦੀ ਰਿਪੋਰਟ ਮੁੱਖ ਮੰਤਰੀ ਤੱਕ ਪਹੁੰਚਾਉਂਦੇ ਸਨ। ਉਸ ਸਮੇਂ ਘੱਗਰ ਵਿੱਚ ਜ਼ਹਿਰੀਲਾ ਪਾਣੀ ਆਉਣਾ ਕਾਫੀ ਹੱਦ ਤੱਕ ਬੰਦ ਹੋ ਗਿਆ ਸੀ ਪਰ ਉਸ ਬਾਅਦ ਜਦੋਂ ਸੱਤਾ ’ਚ ਕਾਂਗਰਸ ਦੀ ਸਰਕਾਰ ਆਈ ਤਾਂ ਉਨ੍ਹਾਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਉਸ ਕਮੇਟੀ ਨੂੰ ਭੰਗ ਕਰ ਦਿੱਤਾ, ਜਿਸ ਨਾਲ ਦੁਆਰਾ ਫਿਰ ਘੱਗਰ ਵਿਖੇ ਫ਼ੈਕਟਰੀਆਂ ਦਾ ਕੈਮੀਕਲ ਯੁਕਤ ਪਾਣੀ ਆਉਣਾ ਸ਼ੁਰੂ ਹੋ ਗਿਆ। ਹੁਣ ਜਦੋਂ ‘ਆਪ’ ਸੱਤਾ ਵਿੱਚ ਆਈ ਤਾਂ ਇੰਨ੍ਹਾਂ ਨੇ ਵੀ ਲੋਕਾਂ ਨੂੰ ਲਾਲੀਪੋਪ ਦੇਣ ਦੀ ਬਜਾਏ ਇਸ ਪਾਸੇ ਕੋਈ ਠੋਸ ਕਦਮ ਨਹੀਂ ਚੁੱਕਿਆ। ਪਿਛਲੇ ਕੁਝ ਸਮੇਂ ’ਚ ਜੋ ਰਾਹਤ ਮਿਲੀ ਸੀ, ਉਸ ਦਾ ਕਾਰਨ ਪਿਛਲੇ ਦਿਨਾਂ ’ਚ ਘੱਗਰ ’ਚ ਆਇਆ ਬਰਸਾਤਾਂ ਦਾ ਪਾਣੀ ਸੀ, ਜੋ ਕਿ ਲੰਬਾ ਸਮਾਂ ਚੱਲਦਾ ਰਿਹਾ, ਜਿਸ ਨਾਲ ਦੂਸ਼ਿਤ ਪਾਣੀ ਤੋਂ ਲੋਕਾਂ ਨੂੰ ਰਾਹਤ ਮਿਲੀ ਸੀ। ਹੁਣ ਜਦੋਂ ਘੱਗਰ ਵਿਚ ਬਰਸਾਤਾਂ ਦਾ ਪਾਣੀ ਨਿਕਲ ਗਿਆ ਤਾਂ ਦੁਆਰਾ ਫ਼ਿਰ ਜ਼ਹਿਰੀਲੇ ਪਾਣੀ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ। ਸਰਕਾਰ ਜਾਂ ਫਿਰ ਪ੍ਰਸ਼ਾਸਨ ਨੇ ਕੋਈ ਠੋਸ ਕਦਮ ਨਹੀਂ ਚੁੱਕੇ ਇਲਾਕੇ ਦੇ ਲੋਕ ਭਿਆਨਕ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ। ਪਰ ਪ੍ਰਸ਼ਾਸਨ ਤੇ ਸਰਕਾਰਾਂ ਸੁੱਤੀਆਂ ਹੋਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਇਸ ਪਾਸੇ ਠੋਸ ਕਦਮ ਚੁੱਕੇ ਜਾਣ।
-ਬਾਕਸ-
-ਦੂਸ਼ਿਤ ਪਾਣੀ ਛੱਡਣ ਵਾਲਿਆਂ ਲਵਾਂਗੇ ਸਖ਼ਤ ਐਕਸ਼ਨ : ਵਿਧਾਇਕ ਬਣਾਂਵਾਲੀ
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਇਸ ਸਬੰਧੀ ਕਮੇਟੀ ਬਣੀ ਹੋਈ ਹੈ, ਜਿਸ ਵਿੱਚ ਉਹ ਵੀ ਮੈਂਬਰ ਹਨ। ਪਿਛਲੇ ਤਿੰਨ ਸਾਲਾਂ ਤੋਂ ਇਸ ਸਬੰਧੀ ਸਖ਼ਤ ਫ਼ੈਸਲੇ ਲਏ ਗਏ ਸਨ, ਜਿਸ ਕਾਰਨ ਘੱਗਰ ਵਿੱਚ ਗੰਦਾ ਪਾਣੀ ਆਉਣਾ ਬੰਦ ਹੋ ਗਿਆ ਸੀ। ਜੇਕਰ ਫ਼ਿਰ ਅਜਿਹਾ ਹੋ ਰਿਹਾ ਹੈ ਤਾਂ ਕਮੇਟੀ ਵਲੋਂ ਰਿਪੋਰਟ ਤਿਆਰ ਕਰਕੇ ਦੂਸ਼ਿਤ ਪਾਣੀ ਛੱਡਣ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ।