ਥਾਣਾ ਜੋਗਾ ਦਾ ਘਿਰਾਓ ਚੌਥੇ ਦਿਨ ਵੀ ਰਿਹਾ ਜਾਰੀ
ਪਿੰਡ ਰੱਲਾ ਦੇ ਵਿਅਕਤੀਆਂ ਉੱਤੇ ਕੀਤੇ ਝੂਠੇ
Publish Date: Sat, 17 Jan 2026 07:48 PM (IST)
Updated Date: Sun, 18 Jan 2026 04:16 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ. ਮਾਨਸਾ : ਪਿੰਡ ਰੱਲਾ ਦੇ ਵਿਅਕਤੀਆਂ ‘ਤੇ ਕੀਤੇ ਪਰਚਿਆਂ ਦੇ ਵਿਰੋਧ ਵਿੱਚ ਰੱਲਾ ਡੇਰਾ ਐਕਸ਼ਨ ਕਮੇਟੀ ਅਤੇ ਜਨਤਕ ਜੱਥੇਬੰਦੀਆਂ ਵੱਲੋਂ ਥਾਣਾ ਜੋਗਾ ਦਾ ਘਿਰਾਓ ਚੌਥੇ ਦਿਨ ਵੀ ਜਾਰੀ ਰਿਹਾ। ਆਗੂਆਂ ਨੇ ਕਿਹਾ ਕਿ ਪਿੰਡ ਰੱਲਾ ਵਿਚ ਪਿਛਲੇ ਸਾਲਾਂ ਤੋਂ ਡੇਰੇ ਨਾਲ ਸਬੰਧਿਤ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਡੇਰੇ ਨਾਲ ਪਿੰਡ ਵਾਸੀਆਂ ਦੀ ਅਟੁੱਟ ਸ਼ਰਧਾ ਹੈ ਪਰ ਬੀਤੇ ਮਹੀਨਿਆਂ ਵਿੱਚ ਇੱਕ ਧਿਰ ਵੱਲੋਂ ਡੇਰੇ ਵਿੱਚ ਪਿੰਡ ਦੀ ਸਹਿਮਤੀ ਤੋਂ ਬਿਨ੍ਹਾਂ ਵੜਨ ’ਤੇ ਪਿੰਡ ਦੇ ਲੋਕਾਂ ਵੱਲੋਂ ਸਾਂਝੇ ਤੌਰ ‘ਤੇ ਉਸਦਾ ਵਿਰੋਧ ਕੀਤਾ ਗਿਆ, ਜਿਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਸਿਆਸੀ ਸ਼ਹਿ ‘ਤੇ ਪਿੰਡ ਅਤੇ ਐਕਸ਼ਨ ਕਮੇਟੀ ਦੇ ਸਰਗਰਮ ਵਰਕਰਾਂ ‘ਤੇ ਇਰਾਦਾ ਕਤਲ ਦੇ ਝੂਠੇ ਪਰਚੇ ਦਰਜ ਕੀਤੇ ਗਏ। ਭਾਵੇਂ ਐਕਸ਼ਨ ਕਮੇਟੀ ਵੱਲੋਂ ਇਸ ਘਟਨਾ ਦੀ ਵੀਡੀਓਗ੍ਰਾਫ਼ੀ ਵੀ ਪ੍ਰਸ਼ਾਸਨ ਅੱਗੇ ਪੇਸ਼ ਕੀਤੀ ਗਈ ਪਰ ਪ੍ਰਸ਼ਾਸਨ ਵੱਲੋਂ ਕਮੇਟੀ ਦੇ ਸਾਰੇ ਸਬੂਤਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ ਹੈ। ਇਸ ਦੇ ਵਿਰੋਧ ਵਿੱਚ ਆਉਂਦਿਆਂ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਦੀ ਕਾਰਵਾਈ ਦੇ ਵਿਰੋਧ ਵਿਚ ਥਾਣਾ ਜੋਗਾ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਿਹਾ ਹੈ ਅਤੇ ਲਗਾਤਾਰ ਚਾਰ ਦਿਨ ਆਪਣੀ ਮੰਗ ਨੂੰ ਲੈ ਕੇ ਥਾਣੇ ਅੱਗੇ ਬੈਠਿਆਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਐਕਸ਼ਨ ਕਮੇਟੀ ਵੱਲੋਂ ਸਾਂਝੇ ਤੌਰ ‘ਤੇ ਫ਼ੈਸਲਾ ਲੈਂਦਿਆਂ ਸਟੇਜ ਤੋਂ ਐਲਾਨ ਕੀਤਾ ਗਿਆ ਕਿ ਪੁਲਿਸ ਪ੍ਰਸ਼ਾਸਨ ਦੀ ਇਸ ਚੁੱਪੀ ਨੂੰ ਦੇਖਦਿਆਂ ਕੱਲ੍ਹ 18 ਜਨਵਰੀ ਨੂੰ ਸੰਕੇਤਕ 2 ਘੰਟਿਆਂ ਲਈ ਮਾਨਸਾ-ਬਰਨਾਲਾ ਮੁੱਖ ਮਾਰਗ ਨੂੰ ਜਾਮ ਕੀਤਾ ਜਾਵੇਗਾ। ਇਸ ਦਾ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਹੋਵੇਗਾ। ਅੱਜ ਦੇ ਧਰਨੇ ਨੂੰ ਡੇਰਾ ਐਕਸ਼ਨ ਕਮੇਟੀ ਦੇ ਪ੍ਰਧਾਨ ਸੌਦਾਗਰ ਸਿੰਘ ਰੱਲਾ ਸਮੇਤ ਮੱਖਣ ਸਿੰਘ ਭੈਣੀ ਬਾਘਾ, ਬਾਵਾ ਸਿੰਘ ਖੀਵਾ ਕਲਾਂ, ਕਾਲਾ ਸਿੰਘ ਅਕਲੀਆ, ਸੁਖਦੇਵ ਸਿੰਘ ਕੋਟਲੀ ਕਲਾਂ, ਬਲਜੀਤ ਸਿੰਘ ਭੈਣੀ ਬਾਘਾ, ਰਾਵਲ ਸਿੰਘ ਕੋਟੜਾ, ਗੁਰਪ੍ਰੀਤ ਸਿੰਘ ਅਨੂਪਗੜ, ਕੁਲਵੰਤ ਸਿੰਘ, ਕਾਲੂ ਸਿੰਘ ਰੱਲਾ ਅਤੇ ਗੁਰਮੀਤ ਕੌਰ ਆਦਿ ਨੇ ਸੰਬੋਧਨ ਕੀਤਾ।