ਏਅਰਫੋਰਸ ’ਚ ਭਰਤੀ ਹੋਣਾ ਚਾਹੁੰਦੀ ਹੈ ਪਹਿਲਾਂ ਸਥਾਨ ਹਾਸਲ ਕਰਨ ਵਾਲੀ ਸੁਪਨੀਤ ਕੌਰ, ਕਿਹਾ- ਨਤੀਜਾ ਦੇਖਣ ਲਈ ਖੋਲ੍ਹਿਆ ਮੋਬਾਇਲ ਪਰ ਆਉਣ ਲੱਗੀਆਂ ਵਧਾਈਆਂ
ਸੁਪਨੀਤ ਕੌਰ ਨੇ ਕਿਹਾ ਕਿ ਨਤੀਜਾ ਆਉਣ ਦੀ ਉਡੀਕ ਕਰਦਿਆਂ ਜਦ ਉਸ ਨੇ ਮੋਬਾਇਲ ’ਤੇ ਆਪਣਾ ਨਤੀਜਾ ਦੇਖਣਾ ਚਾਹਿਆ ਤਾਂ ਇਸ ਤੋਂ ਪਹਿਲਾਂ ਹੀ ਫੋਨ ’ਤੇ ਵਧਾਈਆਂ ਆਉਣੀਆਂ ਸ਼ੁਰੂ ਹੋ ਗਈਆਂ।
Publish Date: Thu, 14 May 2026 08:21 AM (IST)
Updated Date: Thu, 14 May 2026 08:24 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ:ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ’ਚੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਉੱਭਾ ਦੇ ਗੁਰੂਕੁਲ ਅਕਾਦਮੀ ਦੀ ਵਿਦਿਆਰਥਣ ਸੁਪਨੀਤ ਕੌਰ ਪੰਜਾਬ ਭਰ ’ਚੋਂ 500/500 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕਰ ਆਪਣੇ ਸੁਪਨਿਆਂ ਦੀ ਅਸਮਾਨੀ ਉਡਾਣ ਭਰੀ ਹੈ। ਸੁਪਨੀਤ ਕੌਰ ਨੇ ਕਿਹਾ ਕਿ ਨਤੀਜਾ ਆਉਣ ਦੀ ਉਡੀਕ ਕਰਦਿਆਂ ਜਦ ਉਸ ਨੇ ਮੋਬਾਇਲ ’ਤੇ ਆਪਣਾ ਨਤੀਜਾ ਦੇਖਣਾ ਚਾਹਿਆ ਤਾਂ ਇਸ ਤੋਂ ਪਹਿਲਾਂ ਹੀ ਫੋਨ ’ਤੇ ਵਧਾਈਆਂ ਆਉਣੀਆਂ ਸ਼ੁਰੂ ਹੋ ਗਈਆਂ।
ਸੁਪਨੀਤ ਕੌਰ ਨੇ ਸੂਬੇ ਭਰ ’ਚ ਪਹਿਲਾ ਸਥਾਨ ਹਾਸਲ ਕਰ ਕੇ ਗੁਰੂਕੁਲ ਅਕਾਦਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ’ਚ ਪਹੁੰਚਣ ’ਤੇ ਸੁਪਨੀਤ ਕੌਰ ਅਤੇ ਉਸ ਦੇ ਮਾਪਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਉਸ ਨੇ ਕਿਹਾ ਕਿ ਉਸਦਾ ਸੁਪਨਾ ਏਅਰਫ਼ੋਰਸ ’ਚ ਭਰਤੀ ਹੋਣਾ ਹੈ ਅਤੇ ਉਸਨੇ ਦਿਨ ਰਾਤ ਮਿਹਨਤ ਕਰਕੇ ਪੰਜਾਬ ’ਚ ਟਾਪ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੱਜ ਜਿੱਥੇ ਉਸ ਦੇ ਮਾਤਾ ਪਿਤਾ ਨੂੰ ਉਸ ਦੀ ਉਪਲੱਬਧੀ ’ਤੇ ਮਾਣ ਮਹਿਸੂਸ ਹੋ ਰਿਹਾ ਹੈ, ਉੱਥੇ ਹੀ ਸਕੂਲ ਅਤੇ ਜ਼ਿਲ੍ਹੇ ਭਰ ਦੇ ਲੋਕ ਵੀ ਖੁਸ਼ ਹਨ। ਸੁਪਨੀਤ ਕੌਰ ਦੇ ਪਿਤਾ ਰਾਜ ਸਿੰਘ ਅਤੇ ਮਾਤਾ ਪਰਮਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਮਾਣ ਵਧਾਇਆ ਹੈ। ਉਨ੍ਹਾਂ ਦੀ ਪੁੱਤਰੀ ਵੱਲੋਂ ਜਿੱਥੇ ਪੜ੍ਹਾਈ ’ਚ ਮਿਹਨਤ ਕੀਤੀ ਜਾ ਰਹੀ ਹੈ, ਉੱਥੇ ਹੀ ਫੈਂਸਿੰਗ ਮੁਕਾਬਲਿਆਂ ’ਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਉਹ ਆਪਣੀ ਪੁੱਤਰੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ।
ਉੱਧਰ, ਗੁਰੂਕੁਲ ਅਕਾਦਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ ਦੇ ਐੱਮਡੀ ਹਰਪ੍ਰੀਤ ਸਿੰਘ ਅਤੇ ਪ੍ਰਿੰਸੀਪਲ ਸੁਭਾਸ਼ ਗਰਗ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਵਿਦਿਆਰਥਣ ਨੇ ਮਾਨਸਾ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖੇਗੀ।