ਬਾਦਲ ਨੇ ਨੌਜਵਾਨਾਂ ਨੂੰ 10 ਲੱਖ ਤੱਕ ਵਿਆਜ਼ ਮੁਕਤ ਕਰਜ਼ਾ ਦੇਣ ਦਾ ਵੀ ਐਲਾਨ ਕੀਤਾ ਤੇ ਕਿਹਾ ਕਿ ਮੋਟਰ ਸਾਈਕਲਾਂ ’ਤੇ ਰੋਡ ਟੈਕਸ ਖਤਮ ਕੀਤਾ ਜਾਵੇਗਾ, ਕਬੱਡੀ ਵਿਸ਼ਵ ਕੱਪ ਮੁੜ ਸ਼ੁਰੂ ਕੀਤਾ ਜਾਵੇਗਾ ਅਤੇ ਪਸ਼ੂ ਮੇਲੇ ਮੁੜ ਸ਼ੁਰੂ ਕੀਤੇ ਜਾਣਗੇ ਤੇ ਮਾਰਵਾੜੀ ਘੋੜਿਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਪੰਜਾਬ |ਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪੇਂਡੂ ਖੇਤਰਾਂ ਦਾ ਸਰਵ ਪੱਖੀ ਵਿਕਾਸ ਕੀਤਾ ਜਾਵੇਗਾ ਤੇ ਸਾਰੇ 13000 ਪਿੰਡਾਂ ’ਚ ਪੱਕੀਆਂ ਗਲੀਆਂ ਤੇ ਸੀਵਰੇਜ਼ ਸਹੂਲਤ ਦਿੱਤੀ ਜਾਵੇਗੀ। ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਕਰਵਾ ਕੇ ਸੁੰਦਰੀਕਰਨ ਕੀਤਾ ਜਾਵੇਗਾ ਤੇ ਜਿਹੜੇ ਪੇਂਡੂ ਲੋਕਾਂ ਕੋਲ ਆਪਣੇ ਘਰ ਨਹੀਂ ਹਨ, ਉਨ੍ਹਾਂ ਨੂੰ ਪੱਕੇ ਘਰ ਬਣਾ ਕੇ ਦਿੱਤੇ ਜਾਣਗੇ।
ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦੇ ਨਾਲ ਰਲ ਕੇ ਝੂਨੀਰ ਵਿਖੇ ਸਰਦੂਲਗੜ੍ਹ ਹਲਕੇ ਦੀ ਵਿਸ਼ਾਲ ਰੈਲੀ ਦੀ ਪ੍ਰਧਾਨਗੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਪਿੰਡਾਂ ’ਚ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਤਿਆਰ ਕੀਤੀ ਹੈ, ਜਿਸ ਤਹਿਤ ਸਾਲ ਸਾਲ 3 ਹਜ਼ਾਰ ਪਿੰਡਾਂ ਦਾ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਇਕ ਵਾਰ ਇਹ ਕੰਮ ਨੇਪਰੇ ਚੜ੍ਹ ਗਿਆ ਤਾਂ ਪੰਜਾਬ ਦੇ ਹਰ ਪਿੰਡ ’ਚ ਸ਼ਹਿਰਾਂ ਵਰਗੀਆਂ ਨਾਗਰਿਕ ਸਹੂਲਤਾਂ ਹੋਣਗੀਆਂ।
ਬਾਦਲ ਨੇ ਕਿਹਾ ਕਿ ਅਕਾਲੀ ਦਲ ਉਨ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਲਾਭ ਦੇਣ ਵਾਸਤੇ ਵਚਨਬੱਧ ਹੈ, ਜਿੰਨ੍ਹਾਂ ਨੇ ਆਮ ਆਦਮੀ ਪਾਰਟੀ (ਆਪ) ਦੇ ਝੂਠੇ ਵਾਅਦਿਆਂ ’ਤੇ ਵਿਸ਼ਵਾਸ ਕਰ ਕੇ ਉਸਨੂੰ ਵੋਟਾਂ ਪਾਈਆਂ ਅਤੇ ਹੁਣ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਮੁਲਾਜ਼ਮਾਂ ਦਾ ਮਹਿੰਗਾਈ ਭੱਤੇ ਦਾ ਸਾਰਾ ਬਕਾਇਆ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਘਰ ਨੇੜੇ ਹੀ ਤਾਇਨਾਤੀ ਵਾਸਤੇ ਪ੍ਰਣਾਲੀ ਤਿਆਰ ਕਰਾਂਗੇ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਂਗੇ ਅਤੇ ਛੇਤੀ ਤਨਖਾਹਾਂ ਵਿਚ ਵਾਧਾ ਯਕੀਨੀ ਬਣਾਵਾਂਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰ ਬਣਨ ’ਤੇ ਜਿਹਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹ ਕੁਨੈਕਸ਼ਨ ਦਿੱਤੇ ਜਾਣਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਾਂਝੀਆਂ ਜ਼ਮੀਨਾਂ ਦੀ ਵੰਡ ਮੁਫਤ ਵਿਚ ਕਰਵਾ ਕੇ ਦਿੱਤੀ ਜਾਵੇਗੀ। ਘੱਗਰ ਦਰਿਆ ਜੋ ਇਸ ਹਲਕੇ ਤੇ ਕਈ ਹੋਰ ਹਲਕਿਆਂ ਨੂੰ ਮਾਰ ਮਾਰਦਾ ਹੈ, ਉਸਨੂੰ ਚੈਨਲਾਈਜ਼ ਕੀਤਾ ਜਾਵੇਗਾ। ਬਾਦਲ ਨੇ ਨੌਜਵਾਨਾਂ ਨੂੰ 10 ਲੱਖ ਤੱਕ ਵਿਆਜ਼ ਮੁਕਤ ਕਰਜ਼ਾ ਦੇਣ ਦਾ ਵੀ ਐਲਾਨ ਕੀਤਾ ਤੇ ਕਿਹਾ ਕਿ ਮੋਟਰ ਸਾਈਕਲਾਂ ’ਤੇ ਰੋਡ ਟੈਕਸ ਖਤਮ ਕੀਤਾ ਜਾਵੇਗਾ, ਕਬੱਡੀ ਵਿਸ਼ਵ ਕੱਪ ਮੁੜ ਸ਼ੁਰੂ ਕੀਤਾ ਜਾਵੇਗਾ ਅਤੇ ਪਸ਼ੂ ਮੇਲੇ ਮੁੜ ਸ਼ੁਰੂ ਕੀਤੇ ਜਾਣਗੇ ਤੇ ਮਾਰਵਾੜੀ ਘੋੜਿਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ।
ਬਠਿੰਡਾ ਦੇ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਕਿਵੇਂ ਪਿਛਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਸਰਦੂਲਗੜ੍ਹ ਵਿਚ ਵਿਆਪਕ ਵਿਕਾਸ ਕਾਰਜ ਕੀਤੇ ਗਏ। ਉਹਨਾਂ ਕਿਹਾ ਕਿ 32 ਸਕੂਲ ਅਪਗ੍ਰੇਡ ਕੀਤੇ ਗਏ, 7 ਬਿਜਲੀ ਗ੍ਰਿਡ ਬਣਾਏ ਗਏ, 10 ਪਾਣੀ ਦੀਆਂ ਟੈਂਕੀਆਂ, ਇਕ ਜੁਡੀਸ਼ੀਅਨ ਕੰਪਲੈਕਸ ਤੇ ਸਾਰੇ ਪਿੰਡਾਂ ਵਿਚ ਆਰ ਓ ਲਗਵਾਏ ਗਏ। ਇਸ ਮੌਕੇ ਹਲਕਾ ਇੰਚਾਰਜ ਮਾਨਸਾ ਪ੍ਰੇਮ ਅਰੋੜਾ ਅਤੇ ਹੋਰ ਅਕਾਲੀ ਆਗੂ ਮੌਜੂਦ ਸਨ।