ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ’ਚ ਮੌਤ
ਪੰਜਾਬੀ ਗਾਇਕ ਪੰਜਾਬੀ ਗਾਇਕ ਪੰਜਾਬੀ ਗਾਇਕ ਪੰਜਾਬੀ ਗਾਇਕ
Publish Date: Sat, 22 Nov 2025 06:28 PM (IST)
Updated Date: Sat, 22 Nov 2025 06:28 PM (IST)

-ਹਿੱਟ ਹੋਏ ਸਨ ਗਾਇਕ ਹਰਮਨ ਸਿੱਧੂ ਦੇ ਕਈ ਗੀਤ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਪੰਜਾਬੀ ਗਾਇਕ ਹਰਮਨ ਸਿੱਧੂ ਦੀ ਬੀਤੀ ਰਾਤ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਹਾਦਸਾ ਸ਼ੁੱਕਰਵਾਰ ਦੀ ਰਾਤ ਉਦੋਂ ਵਾਪਰਿਆ, ਜਦੋਂ ਉਹ ਮਾਨਸਾ-ਭੀਖੀ ਰੋਡ ’ਤੇ ਆਪਣੇ ਪਿੰਡ ਖਿਆਲਾ ਕਲਾਂ ਵਿਖੇ ਘਰ ਆ ਰਿਹਾ ਸੀ। ਨਾਜਰ ਸਿੰਘ ਨੰਬਰਦਾਰ ਖਿਆਲਾ ਕਲਾਂ ਨੇ ਦੱਸਿਆ ਕਿ ਹਰਮਨ ਸਿੱਧੂ ਰਾਤ ਨੂੰ ਕੁਝ ਸਮਾਂ ਪਹਿਲਾਂ ਹੀ ਘਰੋਂ ਗਿਆ ਸੀ ਅਤੇ ਜਦੋਂ ਵਾਪਸ ਮਾਨਸਾ ਕੈਂਚੀਆਂ ਵੱਲੋਂ ਘਰ ਆ ਰਿਹਾ ਸੀ ਤਾਂ ਖਿਆਲਾ ਕਲਾਂ ਕੋਲ ਉਸ ਦੀ ਗੱਡੀ ਇੱਕ ਵਾਹਨ ਨਾਲ ਟਕਰਾਅ ਗਈ ਤੇ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਰਮਨ ਸਿੱਧੂ ਆਪਣੇ ਪਤਨੀ ਅਤੇ ਇੱਕ ਬੇਟੀ ਛੱਡ ਗਿਆ ਹੈ ਤੇ ਪਿਤਾ ਦੀ ਡੇਢ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਦਹਾਕਾ ਪਹਿਲਾਂ ਉਹ ‘ਪੇਪਰ ਜਾਂ ਪਿਆਰ’ ਕੈਸੇਟ ਨਾਲ ਚਰਚਾ ’ਚ ਆਇਆ ਸੀ ਤੇ ਉਸ ਨੂੰ ਸਰੋਤਿਆਂ ਵੱਲੋਂ ਕਾਫ਼ੀ ਪਿਆਰ ਮਿਲਿਆ ਸੀ। ਇਸ ਤੋਂ ਇਲਾਵਾ ਹਰਮਨ ਸਿੱਧੂ ਦੇ ਕਈ ਗਾਣੇ ਆਏ ਸਨ। ਸਾਲ 2007 ਤੋਂ 2011 ਤੱਕ ਦਾ ਉਸ ਦਾ ਸੁਨਹਿਰੀ ਦੌਰ ਰਿਹਾ। ‘ਪੇਪਰ ਜਾਂ ਪਿਆਰ’, ਫ਼ਿਰ ਪੈ ਗਿਆ ਪਿਆਰ’ ਗੀਤਕਾਰ ਬੋਹੜ ਦੰਦੀਵਾਲ ਦੋਨੋਂ ਡਿਊਟ ਮਿਸ ਪੂਜਾ ਨਾਲ, ‘ਲਾਡਲਾ’, ‘ਜੁਗਨੀ’ ‘ਸਵੀਟ ਮੈਮੋਰੀਜ਼’ ਰਾਜ ਕਾਕੜਾ ਦਾ ਪ੍ਰੋਜੈਕਟ ‘ਫ਼ਿਰ ਮਿਰਜ਼ੇ ਦਾ ਕਿੱਸਾ’ ਆਈ ਸੀ। ‘ਸਾਡਾ ਟਾਈਮ’, ‘ਬੇਬੇ ਦੀ ਨੂੰਹ‘ ਵੀ ਮਾਰਕੀਟ ’ਚ ਆਏ ਸਨ। ਠੂਠਿਆਂਵਾਲੀ ਚੌਕੀ ਜਾਂਚ ਅਧਿਕਾਰੀ ਏਐੱਸਆਈ ਓਮ ਪ੍ਰਕਾਸ਼ ਨੇ ਦੱਸਿਆ ਕਿ ਰਾਤ 10.30 ਵਜੇ ਜਦੋਂ ਹਰਮਨ ਸਿੱਧੂ ਖਿਆਲਾ ਕਲਾਂ ਘਰ ਆਪਣੀ ਗੱਡੀ ’ਤੇ ਆ ਰਿਹਾ ਸੀ ਤਾਂ ਇਸ ਵਿੱਚ ਇੱਕ ਕੈਂਟਰ ਵੱਲੋਂ ਟੱਕਰ ਮਾਰ ਦਿੱਤੀ। ਇਸ ਮਾਮਲੇ ’ਚ ਵਾਹਨ ਚਾਲਕ ਜਰਨੈਲ ਸਿੰਘ ਵਾਸੀ ਸੁਨਾਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।