ਇਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ। ਅੱਤ ਦੀ ਗਰਮੀ ਵਿੱਚ ਇੰਟਰਵਿਊ ਦੇਣ ਆਏ ਉਮੀਦਵਾਰਾਂ ਨੂੰ ਕਰੀਬ ਚਾਰ ਤੋਂ ਪੰਜ ਘੰਟੇ ਲਾਈਨਾਂ ਵਿੱਚ ਖੜ੍ਹੇ ਰਹਿਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੇਂਡੂ ਖੇਤਰ ’ਚ ਖੁੱਲ੍ਹਣ ਵਾਲੇ 23 ਆਮ ਆਦਮੀ ਕਲੀਨਿਕਾਂ ਲਈ ਸਿਹਤ ਵਿਭਾਗ ਵੱਲੋਂ ਫਾਰਮਾਸਿਸਟ, ਸਟਾਫ ਨਰਸ, ਏਐੱਨਐੱਮ ਅਤੇ ਜੀਐੱਨਐੱਮ ਦੀ ਭਰਤੀ ਕੀਤੀ ਜਾਣੀ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ,ਬਠਿੰਡਾ: ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅੰਦਰ ਖੋਲ੍ਹੇ ਜਾਣ ਵਾਲੇ 23 ਆਮ ਆਦਮੀ ਕਲੀਨਿਕਾਂ ’ਚ ਸਟਾਫ ਦੀ ਭਰਤੀ ਦੌਰਾਨ ਹੋਣ ਵਾਲੀ ਇੰਟਰਵਿਊ ਮੌਕੇ ਹੰਗਾਮਾ ਹੋ ਗਿਆ। ਇੰਟਰਵਿਊ ਦੇਣ ਆਏ ਉਮੀਦਵਾਰਾਂ ਵਿਚਕਾਰ ਹੋਈ ਧੱਕਾ ਮੁੱਕੀ ਦੌਰਾਨ ਨਰਸਿੰਗ ਸਕੂਲ ਦੇ ਕਮਰੇ ਦਾ ਸ਼ੀਸ਼ਾ ਵੀ ਟੁੱਟ ਗਿਆ। ਮਾਹੌਲ ਖਰਾਬ ਹੁੰਦਾ ਦੇਖ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ। ਅੱਤ ਦੀ ਗਰਮੀ ਵਿੱਚ ਇੰਟਰਵਿਊ ਦੇਣ ਆਏ ਉਮੀਦਵਾਰਾਂ ਨੂੰ ਕਰੀਬ ਚਾਰ ਤੋਂ ਪੰਜ ਘੰਟੇ ਲਾਈਨਾਂ ਵਿੱਚ ਖੜ੍ਹੇ ਰਹਿਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੇਂਡੂ ਖੇਤਰ ’ਚ ਖੁੱਲ੍ਹਣ ਵਾਲੇ 23 ਆਮ ਆਦਮੀ ਕਲੀਨਿਕਾਂ ਲਈ ਸਿਹਤ ਵਿਭਾਗ ਵੱਲੋਂ ਫਾਰਮਾਸਿਸਟ, ਸਟਾਫ ਨਰਸ, ਏਐੱਨਐੱਮ ਅਤੇ ਜੀਐੱਨਐੱਮ ਦੀ ਭਰਤੀ ਕੀਤੀ ਜਾਣੀ ਹੈ। ਇਸ ਭਰਤੀ ਲਈ ਸਿਵਲ ਹਸਪਤਾਲ ਵਿਚ ਸਥਿਤ ਨਰਸਿੰਗ ਸਕੂਲ ਵਿਖੇ ਵੀਰਵਾਰ ਨੂੰ ਉਮੀਦਵਾਰਾਂ ਦੀ ਇੰਟਰਵਿਊ ਰੱਖੀ ਗਈ ਸੀ।
ਆਮ ਆਦਮੀ ਕਲੀਨਿਕਾਂ ਵਿਚ ਸਟਾਫ ਵਜੋਂ ਭਰਤੀ ਹੋਣ ਲਈ ਅੱਜ ਸਵੇਰ ਤੋਂ ਹੀ ਉਮੀਦਵਾਰ ਨਰਸਿੰਗ ਸਕੂਲ ਵਿਚ ਪੁੱਜਣੇ ਸ਼ੁਰੂ ਹੋ ਗਏ। ਇਸ ਦੌਰਾਨ ਭਰਤੀ ਹੋਣ ਲਈ ਵੱਡੀ ਗਿਣਤੀ ਉਮੀਦਵਾਰ ਪਹੁੰਚੇ ਹੋਏ ਸਨ, ਪਰ ਪ੍ਰਬੰਧਾਂ ਦੀ ਘਾਟ ਅਤੇ ਲੰਬਾ ਸਮਾਂ ਉਡੀਕ ਕਰਨ ਤੋਂ ਬਾਅਦ ਭਰਤੀ ਹੋਣ ਆਏ ਉਮੀਦਵਾਰਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਮੀਦਵਾਰਾਂ ਨੇ ਇੰਟਰਵਿਊ ਵਾਲੇ ਕਮਰੇ ਵਿਚ ਦਾਖਲ ਹੋਣ ਦਾ ਯਤਨ ਕੀਤਾ। ਇਸ ਦੌਰਾਨ ਉਮੀਦਵਾਰਾਂ ਵਿਚਕਾਰ ਹੋਈ ਧੱਕਾ ਮੁੱਕੀ ਦੌਰਾਨ ਨਰਸਿੰਗ ਸਕੂਲ ਦੇ ਕਮਰੇ ਦਾ ਸ਼ੀਸ਼ਾ ਵੀ ਟੁੱਟ ਗਿਆ। ਭਰਤੀ ਹੋਣ ਆਏ ਉਮੀਦਵਾਰਾਂ ਨੇ ਦੋਸ਼ ਲਾਇਆ ਕਿ ਸਿਹਤ ਵਿਭਾਗ ਨੇ ਇੰਟਰਵਿਊ ਤਾਂ ਰੱਖ ਲਈ, ਪਰ ਲੋੜੀਂਦੇ ਪ੍ਰਬੰਧ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਦੌਰਾਨ ਉਨ੍ਹਾਂ ਨੂੰ ਕਈ ਕਈ ਘੰਟੇ ਆਪਣੀ ਵਾਰੀ ਦੀ ਉਡੀਕ ਕਰਨੀ ਪਈ। ਉਮੀਦਵਾਰਾਂ ਦੇ ਬੈਠਣ ਅਤੇ ਪੀਣ ਵਾਲੇ ਪਾਣੀ ਦੇ ਵੀ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਸ ਦੌਰਾਨ ਭਾਰਤੀ ਹੋਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਨੇ ਦੋਸ਼ ਲਾਇਆ ਕਿ ਸਿਹਤ ਵਿਭਾਗ ਵੱਲੋਂ ਇੰਟਰਵਿਊ ਵਿੱਚ ਇਕ ਤਾਕੀ ਰਾਹੀਂ ਬਹੁਤ ਸਾਰੇ ਉਮੀਦਵਾਰਾਂ ਨੂੰ ਅੰਦਰ ਦਾਖਲ ਕਰਵਾ ਦਿੱਤਾ ਗਿਆ, ਜਦੋਂ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਲਾਈਨਾਂ ਵਿੱਚ ਲੱਗੇ ਹੋਏ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਸਿਹਤ ਵਿਭਾਗ ਨੇ ਇਸ ਇੰਟਰਵਿਊ ਲਈ ਕੋਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ, ਜਦੋਂ ਕਿ ਆਪਣੇ ਚਹੇਤੇ ਲੋਕਾਂ ਨੂੰ ਇਕ ਬਾਰੀ ਵਿੱਚ ਦੀ ਅੰਦਰ ਬੁਲਾ ਲਿਆ ਗਿਆ ਅਤੇ ਰਜਿਸਟਰੇਸ਼ਨ ਕਰ ਦਿੱਤੀ ਗਈ। ਜਦੋਂ ਮਾਹੌਲ ਜਿਆਦਾ ਤਣਾਅ ਪੂਰਨ ਅਤੇ ਹੰਗਾਮੇਦਾਰ ਹੋ ਗਿਆ ਤਾਂ ਸਿਹਤ ਵਿਭਾਗ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸ਼ਾਂਤ ਕੀਤਾ, ਜਿਸ ਤੋਂ ਬਾਅਦ ਮੁੜ ਉਮੀਦਵਾਰਾਂ ਦੀ ਇੰਟਰਵਿਊ ਸ਼ੁਰੂ ਹੋ ਸਕੀ।
12 ਪੋਸਟਾਂ ਲਈ 300 ਤੋਂ ਵਧੇਰੇ ਉਮੀਦਵਾਰ ਪੁੱਜੇ
ਭਾਵੇਂ ਪੰਜਾਬ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਬੇਰੁਜ਼ਗਾਰੀ ਨੂੰ ਘੱਟ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਅੱਜ ਸਿਵਲ ਹਸਪਤਾਲ ’ਚ ਸਥਿਤੀ ਇਸਦੇ ਉਲਟ ਦਿਖਾਈ ਦਿੱਤੀ। ਜ਼ਿਲ੍ਹੇ ਦੇ ਪਿੰਡਾਂ ’ਚ ਖੁੱਲ੍ਹਣ ਵਾਲੇ 23 ਆਮ ਆਦਮੀ ਕਲੀਨਿਕਾਂ ਲਈ 12 ਪੋਸਟਾਂ ਦੀ ਇੰਟਰਵਿਊ ਹੋਣੀ ਸੀ, ਜਿਸ ਲਈ ਕਰੀਬ 300 ਤੋਂ ਵਧੇਰੇ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਮੁੰਡੇ ਕੁੜੀਆਂ ਪੁੱਜੇ ਹੋਏ ਸਨ। ਸਿਰਫ 12 ਪੋਸਟਾਂ ਲਈ ਇੰਨੀ ਵੱਡੀ ਗਿਣਤੀ ਉਮੀਦਵਾਰਾਂ ਦਾ ਪੁੱਜਣਾ ਇਹ ਦਰਸਾਉਂਦਾ ਹੈ ਕਿ ਅਜੇ ਵੀ ਬੇਰੁਜ਼ਗਾਰੀ ਕਿਸ ਹੱਦ ਤਕ ਖੜ੍ਹੀ ਹੈ। ਅੱਜ ਫਾਰਮਾਸਿਸਟ, ਸਟਾਫ ਨਰਸ, ਏਐੱਨਐੱਮ ਅਤੇ ਜੀਐੱਨ ਐੱਮ ਦੀ ਇੰਟਰਵਿਊ ਰੱਖੀ ਗਈ ਸੀ। ਪਰ ਇਸ ਲਈ ਸਿਹਤ ਵਿਭਾਗ ਲੋੜੀਂਦੇ ਪ੍ਰਬੰਧ ਕਰਨ ਤੋਂ ਅਸਮਰਥ ਰਿਹਾ ਹੈ। ਭਰਤੀ ਹੋਣ ਦੇ ਚਾਹਵਾਨ ਨੌਜਵਾਨ ਮੁੰਡੇ ਕੁੜੀਆਂ ਨੂੰ ਇਸ ਇੰਟਰਵਿਊ ਦੌਰਾਨ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਇੰਟਰਵਿਊ ਵਿੱਚ ਉਮੀਦ ਤੋਂ ਜਿਆਦਾ ਉਮੀਦਵਾਰ ਪਹੁੰਚ ਗਏ, ਜਿਸ ਕਾਰਨ ਅਜਿਹਾ ਮਾਹੌਲ ਬਣ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇੰਟਰਵਿਊ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ, ਪਰ ਇਕੱਠ ਜ਼ਿਆਦਾ ਹੋਣ ਕਾਰਨ ਪ੍ਰਬੰਧ ਛੋਟੇ ਪੈ ਗਏ।