ਸੇਵਾਮੁਕਤ ਪ੍ਰਿੰਸੀਪਲ ਮੰਡੇਰ ਵੱਲੋਂ ਅੱਵਲ ਬੱਚੇ ਸਨਮਾਨਿਤ
ਸਰਕਾਰੀ ਸੈਕੰਡਰੀ ਸਮਾਰਟ ਸਕੂਲ ਰਾਮਗੜ੍ਹ
Publish Date: Wed, 03 Dec 2025 08:02 PM (IST)
Updated Date: Thu, 04 Dec 2025 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਰਕਾਰੀ ਸੈਕੰਡਰੀ ਸਮਾਰਟ ਸਕੂਲ ਰਾਮਗੜ੍ਹ ਸ਼ਾਹਪੁਰੀਆਂ ਵੱਲੋਂ ਇਕ ਸਨਮਾਨ ਸਮਾਗਮ ਦਾ ਪ੍ਰਬੰਧ ਸਕੂਲ ਮੁਖੀ ਦਿਲਬਾਗ ਰਿਉਂਦ ਦੀ ਅਗਵਾਈ ਵਿੱਚ ਕੀਤਾ ਗਿਆ। ਸਮਾਗਮ ਵਿੱਚ ਸਕੂਲ ਦੇ ਸੇਵਾਮੁਕਤ ਪ੍ਰਿੰਸੀਪਲ ਮੇਲਾ ਸਿੰਘ ਵੱਲੋਂ ਪਿਛਲੇ ਸ਼ੈਸ਼ਨ ਦੇ ਛੇਵੀਂ ਤੋਂ 12ਵੀਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਾਲੇ ਤੇ 15 ਲੋੜਵੰਦ ਵਿਦਿਆਰਥੀਆਂ ਦਾ ਨਗਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਕਰਦਿਆਂ ਸੁਰਜੀਤ ਸਿੰਘ ਨੇ ਕਿਹਾ ਕਿ ਸਾਲ 2013 ਤੋਂ ਮੇਲਾ ਸਿੰਘ ਮੰਡੇਰ ਨਿਰਵਿਘਨ ਹਰ ਸਾਲ ਆਪਣੀ ਕਰਮਭੂਮੀ ਸਕੂਲ ਵਿੱਚ ਆਉਂਦੇ ਹਨ ਤੇ ਇਸ ਕਾਰਜ ਨੂੰ ਆਪਣੀ ਰਿਟਾਇਰਮੈਂਟ ਤੋਂ ਲੈ ਕੇ ਅੱਜ ਤੱਕ ਸਫਲਤਾਪੂਰਵਕ ਚਲਾ ਰਹੇ ਹਨ। ਪਹਿਲਾ ਸਥਾਨ ਵਿਦਿਆਰਥੀ ਨੂੰ 11 ਸੌ, ਦੂਜੇ ਸਥਾਨ ’ਤੇ ਰਹਿਣ ਵਾਲੇ ਨੂੰ 700 ਰੁਪਏ, ਤੀਜੇ ਸਥਾਨ ’ਤੇ ਰਹਿਣ ਵਾਲੇ ਨੂੰ ਪੰਜ ਸੌ ਅਤੇ ਲੋੜਵੰਦ ਵਿਦਿਆਰਥੀ ਨੂੰ ਤਿੰਨ ਸੌ ਰੁਪਏ ਨਗਦ ਰਾਸ਼ੀ ਤਕਸੀਮ ਕੀਤੀ ਗਈ। ਸਮਾਗਮ ਵਿੱਚ ਪਿੰਡ ਰਾਮਗੜ੍ਹ ਸ਼ਾਹਪੁਰੀਆਂ ਦੇ ਸਰਪੰਚ ਮਨਪ੍ਰੀਤ ਸਿੰਘ ਸਮੂਹ ਪੰਚ ਤੇ ਪਿੰਡ ਆਂਡਿਆਂਵਾਲੀ ਦੇ ਸਰਪੰਚ ਨੈਬ ਸਿੰਘ ਵੀ ਹਾਜ਼ਰ ਸਨ। ਅਧਿਆਪਕ ਜਸਵਿੰਦਰ ਸਿੰਘ ਨੇ ਕਿਹਾ ਕਿ ਮੇਲਾ ਸਿੰਘ ਮੰਡੇਰ ਨੇ 36 ਸਾਲ ਇਸ ਕਰਮਭੂਮੀ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਤੇ ਉਨ੍ਹਾਂ ਦੇ ਕਾਰਜਕਾਲ ਸਮੇਂ ਹੀ ਇਹ ਸਕੂਲ ਮਿਡਲ ਤੋਂ ਹਾਈ ਤੇ ਹਾਈ ਤੋਂ ਸੈਕੰਡਰੀ ਬਣਿਆ ਹੈ। ਇਸ ਸਮੇ ਪ੍ਰਿੰਸੀਪਲ ਮੇਲਾ ਸਿੰਘ ਨੇ ਕਿਹਾ ਕਿ ਵਿਦਿਆਰਥੀਆ ਨੂੰ ਅੱਗੇ ਵੱਧਣਾ ਵੇਖਣਾ ਉਨ੍ਹਾਂ ਦੀ ਰੂਹ ਦੀ ਖੁਰਾਕ ਹੈ। ਜਦੋਂ ਤੱਕ ਉਨ੍ਹਾਂ ਦੇ ਸਰੀਰ ਵਿੱਚ ਸਾਹ ਹਨ ਉਹ ਇਹ ਕਾਰਜ ਕਰਦੇ ਰਹਿਣਗੇ। ਉਨ੍ਹਾਂ ਦੇ ਬੇਟੇ ਇੰਜੀਨੀਅਰ ਸਤਵੀਰ ਸਿੰਘ ਮੰਡੇਰ ਨੇ ਦੱਸਿਆ ਕਿ ਉਹ ਵੀ ਇਸੇ ਸਕੂਲ ਦੇ ਵਿਦਿਆਰਥੀ ਹਨ। ਉਹ ਆਪਣੇ ਪਿਤਾ ਦੀ ਨੌਕਰੀ ਸਮੇਂ ਇਸੇ ਸਕੂਲ ਵਿੱਚ ਪੜ੍ਹਦੇ ਰਹੇ ਹਨ। ਸਕੂਲ ਦੇ ਇੰਚਾਰਜ਼ ਦਿਲਬਾਗ ਰਿਉਂਦ ਨੇ ਕਿਹਾ ਕਿ ਅੱਜ ਦੇ ਇਸ ਪਦਾਰਥਵਾਦੀ ਸਮੇਂ ਵਿੱਚ ਵਿਰਲੇ ਅਤੇ ਵਿਲੱਖਣ ਇਨਸਾਨ ਹੀ ਹਨ, ਜੋ ਅਜਿਹੇ ਕਾਰਜਾਂ ਵਿੱਚ ਮੋਹਰੀ ਰੋਲ ਅਦਾ ਕਰ ਰਹੇ ਹਨ। ਇਸ ਸਮੇਂ ਉਪਰੋਕਤ ਤੋਂ ਇਲਾਵਾ ਮੋਨੂੰ ਸਿੰਗਲਾ ਜੀ, ਜਗਦੀਪ ਸਿੰਘ ਜੀ, ਮਨਜਿੰਦਰ ਸਿੰਘ, ਮੈਡਮ ਰਾਜਦੀਪ ਕੌਰ, ਮੈਡਮ ਰੇਖਾ ਰਾਣੀ, ਸਚਿਨ ਸਿੰਗਲਾ, ਯਸ਼ਪ੍ਰੀਤ ਸਿੰਘ ਜੀ, ਲਲਿਤ ਕੁਮਾਰ ਵੀ ਹਾਜ਼ਰ ਸਨ।