ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਤਿਰੰਗੇ ਨੂੰ ਦਿੱਤੀ ਸਲਾਮੀ
ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ
Publish Date: Tue, 27 Jan 2026 08:04 PM (IST)
Updated Date: Wed, 28 Jan 2026 04:13 AM (IST)

-ਸਮਾਨ ਨਹੀਂ ਸਗੋਂ ਚਾਹੀਦਾ ਹੈ ਸਨਮਾਨ : ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਗਣਤੰਤਰ ਦਿਵਸ ਮੌਕੇ ਪਹੁੰਚ ਕੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ, ਪਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਭਾਸ਼ਣ ਸ਼ੁਰੂ ਕਰਦਿਆਂ ਹੀ ਇੰਨ੍ਹਾਂ ਪਰਿਵਾਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ਕਰਦਿਆਂ ਸਟੇਡੀਅਮ ਦੇ ਬਾਹਰ ਆਪਣੇ ਘਰਾਂ ਨੂੰ ਜਾਣ ਲਈ ਚਾਲੇ ਪਾ ਦਿੱਤੇ। ਇਸ ਨਾਲ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਲਈ ਲਗਾਈਆਂ ਕੁਰਸੀਆਂ ਖਾਲੀ ਦਿਖਾਈ ਦਿੱਤੀਆਂ। ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ ਮਾਨਸਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕ ਅੱਜ ਤਿਰੰਗੇ ਝੰਡੇ ਨੂੰ ਸਲਾਮੀ ਦੇਣ ਬਾਅਦ ਸਰਕਾਰ ਦੇ ਮਿਲਦੇ ਸਮਾਨ ਦਾ ਬਾਈਕਾਟ ਕੀਤਾ ਹੈ। ਉਨ੍ਹਾਂ ਕਿਹਾ ਕਿ ਫ਼ਰੀਡਮ ਫ਼ਾਈਟਰ ਉੱਤਰਾਧਿਕਾਰੀ ਸੰਸਥਾ ਪੰਜਾਬ ਵੱਲੋਂ ਜਨਵਰੀ ਤੋਂ ਅਣਮਿਥੇ ਸਮੇਂ ਲਈ ਸੁਨਾਮ ਵਿਖੇ ਸ਼ਾਂਤਮਈ ਰੋਸ ਧਰਨਾ ਲਗਾਇਆ। ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨੇ ਲਿਖਤੀ ਤੌਰ ਤੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦੇ ਵਿਸ਼ਵਾਸ ਨਾਲ ਸੰਸਥਾ ਨੇ ਅਗਲੇ ਸਮੇਂ ਤੱਕ ਧਰਨਾ ਮੁਲਤਵੀ ਕਰ ਦਿੱਤਾ ਸੀ। ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਨ ਮੌਕੇ ਸੂਬਾ ਪੱਧਰੀ ਮੀਟਿੰਗ ਦੌਰਾਨ ਜ਼ਿਲ੍ਹਾ ਇਕਾਈਆਂ ਦੇ ਸਮੂਹ ਅਹੁਦੇਦਾਰਾਂ ਅਤੇ ਸੂਬਾ ਕਮੇਟੀ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦੇ ਦਿੱਤੇ ਵਿਸ਼ਵਾਸ ਦੇ ਅਧਾਰ ਤੇ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਗਣਤੰਤਰ ਦਿਵਸ ਮੌਕੇ ਕੌਮੀ ਤਿਰੰਗੇ ਝੰਡੇ ਨੂੰ ਸਲਾਮੀ ਦੇਣ ਸਮਾਗਮ ਦਾ ਹਿੱਸਾ ਬਣਨ ਪਰੰਤੂ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਜਾਣ ਵਾਲੇ ਸਮਾਨ ਦਾ ਬਾਈਕਾਟ ਕਰਨਗੇ। ਅੱਜ ਜ਼ਿਲ੍ਹਾ ਮਾਨਸਾ ਦੇ ਗਣਤੰਤਰ ਦਿਵਸ ਮੌਕੇ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਸੁਤੰਤਰਤਾ ਸੰਗਰਾਮੀ ਬਿਹਾਰਾ ਸਿੰਘ ਮੱਲ ਸਿੰਘ ਵਾਲਾ ਸਮੇਤ ਸਾਰਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਮਾਨ ਦਾ ਬਾਈਕਾਟ ਕੀਤਾ ਅਤੇ ਸ਼ਾਂਤਮਈ ਤਰੀਕੇ ਨਾਲ ਕੌਮੀ ਤਿਰੰਗੇ ਝੰਡੇ ਨੂੰ ਸਲਾਮੀ ਦਿੰਦਿਆਂ ਮੁੱਖ ਮਹਿਮਾਨ ਦੇ ਭਾਸ਼ਣ ਤੋਂ ਪਹਿਲਾਂ ਪੰਡਾਲ ਵਿੱਚੋਂ ਸਮੂਹਿਕ ਤੌਰ ਤੇ ਬਾਹਰ ਆ ਗਏ। ਇਸ ਮੌਕੇ ਸੰਸਥਾ ਦੀ ਸੂਬਾ ਪ੍ਰਧਾਨ ਨੇ ਕਿਹਾ ਕਿ ਸੂਬੇ ਵਿੱਚ ਸੁਤੰਤਰਤਾ ਸੰਗਰਾਮੀਆਂ ਅਤੇ ਆਸ਼ਰਿਤਾਂ ਨੇ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਮਾਨ ਦਾ ਬਾਈਕਾਟ ਕੀਤਾ ਹੈ। ਅਸੀਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾਕਟਰ ਭੀਮ ਰਾਉ ਅੰਬੇਡਕਰ ਨੂੰ ਸਿਜਦਾ ਕਰਦੇ ਹਾਂ ਅਤੇ ਸੰਵਿਧਾਨ ਦੀ ਪਾਲਣਾ ਕਰਦੇ ਹੋਏ ਤਿਰੰਗੇ ਝੰਡੇ ਨੂੰ ਸਲਾਮੀ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਲੰਘੇ ਸਮੇਂ ਦੌਰਾਨ ਹੁਣ ਵੀ ਲਾਰੇ ਲਗਾਏ ਗਏ ਤਾਂ ਸੰਸਥਾ ਮੁਲਤਵੀ ਧਰਨੇ ਨੂੰ ਵੱਡੇ ਸੰਘਰਸ਼ ਵਿੱਚ ਬਦਲਣ ਲਈ ਮਜ਼ਬੂਰ ਹੋਵੇਗੀ, ਜਿਸ ਦੀ ਪੂਰ੍ਹੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। ਇਸ ਮੌਕੇ ਸੁਤੰਤਰਤਾ ਸੰਗਰਾਮੀ ਬਿਹਾਰਾ ਸਿੰਘ ਮੱਲ ਸਿੰਘ ਵਾਲਾ ਮਾਨਸਾ, ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਜਟਾਣਾ, ਭਰਪੂਰ ਸਿੰਘ ਸੂਬਾ ਸਕੱਤਰ ਜ਼ਿਲ੍ਹਾ ਖਜਾਨਚੀ, ਜਗਸੀਰ ਸਿੰਘ ਲਾਲਿਆਂਵਾਲੀ, ਸ਼ਹਿਰੀ ਪ੍ਰਧਾਨ ਰਘਬੀਰ ਸਿੰਘ, ਬਲਵੰਤ ਸਿੰਘ, ਦਲੇਲ ਸਿੰਘ ਵਾਲਾ, ਸੁਖਦੀਪ ਕੌਰ ਅਕਲੀਆ, ਸੁਖਦੀਪ ਸਿੰਘ ਰੱਲਾ, ਸੂਬੇਦਾਰ ਭੋਲਾ ਸਿੰਘ ਬੁਢਲਾਡਾ, ਹਰਨੇਕ ਸਿੰਘ ਮੀਰਪੁਰ, ਸਾਧੂ ਸਿੰਘ ਖੀਵਾ, ਬਲਵੀਰ ਸਿੰਘ ਝੱਬਰ, ਲਾਲ ਸਿੰਘ, ਜਸਵੀਰ ਸਿੰਘ ਭੈਣੀ, ਹਰਬੰਸ ਸਿੰਘ ਬੁਢਲਾਡਾ, ਵੀਰਪਾਲ ਕੌਰ, ਸਤਿਨਾਮ ਕੌਰ, ਚਰਨਜੀਤ ਕੌਰ ਮੌੜ, ਰਮਨਦੀਪ ਕੌਰ ਅਤੇ ਹੋਰ ਸੁਤੰਤਰਤਾ ਸੰਗਰਾਮੀਆਂ ਦੇ ਆਸ਼ਰਿਤ ਸ਼ਾਮਿਲ ਸਨ।