ਜ਼ਿਲ੍ਹਾ ਪੁਲਿਸ ਵੱਲੋਂ ਥਾਣਾ ਸੰਗਤ ਦੇ ਪਿੰਡ ਸੰਗਤ ਕਲਾਂ ’ਚ ਤਲਾਸ਼ੀ ਅਭਿਆਨ ਚਲਾਇਆ

-ਨਸ਼ਾ ਤਸਕਰਾਂ ਦੇ ਪਰਿਵਾਰਕ ਮੈਂਬਰਾਂ ਤੇ ਨਸ਼ਾ ਕਰਨ ਵਾਲਿਆਂ ਨੂੰ ਪੁਲਿਸ ਨੇ ਕੀਤੀ ਸਖ਼ਤ ਤਾੜਨਾ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਪਿਛਲੇ ਸਮੇਂ ਦੌਰਾਨ ਥਾਣਾ ਸੰਗਤ ਦੇ ਪਿੰਡ ਸੰਗਤ ਕਲਾਂ ਵਿੱਚ ਚਿੱਟੇ ਨਾਲ ਮਰਨ ਵਾਲੇ ਦਰਜਨਾਂ ਨੌਜਵਾਨਾਂ ਦੀ ਮੌਤ ਨੂੰ ਲੈਕੇ ਪਿੰਡ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਸੀ। ਲੋਕਾਂ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਫੜਨ ਲਈ ਕੋਈ ਸਖਤੀ ਨਹੀਂ ਵਰਤੀ ਜਾ ਰਹੀ, ਜਿਸ ਕਰਕੇ ਨਸ਼ਾ ਤਸਕਰ ਸ਼ਰੇਆਮ ਨਸ਼ਾ ਸਪਲਾਈ ਕਰਨ ਵਿੱਚ ਲੱਗੇ ਹੋਏ ਹਨ। ਤੇ ਉਨ੍ਹਾਂ ਦੇ ਪਿੰਡ ਅੰਦਰ ਦਰਜਨਾਂ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ, ਜਿਸ ਤੋਂ ਦੁਖੀ ਹੋਏ ਲੋਕਾਂ ਨੇ ਥਾਣਾ ਸੰਗਤ ਦੇ ਮੁੱਖ ਗੇਟ ਤੇ ਧਰਨਾ ਦੇ ਕੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਸ਼ੱਕ ਦੀ ਉਂਗਲ ਚੁੱਕੀ ਗਈ ਸੀ। ਲੋਕਾਂ ਵੱਲੋਂ ਆਪਣੇ ਪੱਧਰ ’ਤੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਤਸਕਰਾਂ ਦੇ ਘਰਾਂ ’ਚ ਜਾ ਕੇ ਉਨ੍ਹਾਂ ਨੂੰ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਸੀ ਕਿ ਜੇਕਰ ਨਸ਼ੇ ਵੇਚਣੇ ਬੰਦ ਨਾ ਕੀਤੇ ਗਏ ਤਾਂ ਉਨ੍ਹਾਂ ਨੂੰ ਫੜਕੇ ਪੁਲਿਸ ਹਵਾਲੇ ਕਰ ਦਿੱਤਾ ਜਾਵੇਗਾ।
ਲੋਕਾਂ ਦੇ ਜ਼ਬਰਦਸਤ ਵਿਰੋਧ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਨਸ਼ੇ ਦੇ ਸੌਦਾਗਰਾਂ ਨੂੰ ਸਬਕ ਸਿਖਾਉਣ ਲਈ ਪੂਰੀ ਸਖ਼ਤੀ ਨਾਲ ਫੜਨ ਲਈ ਛਾਪਾਮਾਰੀ ਮੁਹਿੰਮ ਚਲਾਈ ਗਈ ਤੇ ਕਈ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹ ਭੇਜਿਆ ਗਿਆ। ਅੱਜ ਫੇਰ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਹੋਰ ਮਜ਼ਬੂਤੀ ਨਾਲ ਸ਼ਿਕੰਜਾ ਕੱਸਣ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ ਕਰਨ ਵਾਸਤੇ ਪਿੰਡ ਸੰਗਤ ਕਲਾਂ’ਚ ਤਲਾਸ਼ੀ ਮੁਹਿੰਮ ਚਲਾਈ ਗਈ।
ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਡਾ ਜਯੋਤੀ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸਪੀ ਮੈਡਮ ਹਿਨਾ ਗੁਪਤਾ ਅਤੇ ਡੀਐਸਪੀ ਬਠਿੰਡਾ ਦਿਹਾਤੀ ਹਰਵਿੰਦਰ ਸਿੰਘ ਸਰਾਂ ਦੀ ਅਗਵਾਈ ਹੇਠ ਥਾਣਾ ਸੰਗਤ ਦੇ ਪਿੰਡ ਸੰਗਤ ਕਲਾਂ ਵਿਖੇ ਆਪਰੇਸ਼ਨ ਯੁੱਧ ਨਸ਼ਿਆਂ ਵਿਰੁੱਧ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਵਿੱਚ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ, ਸਹਾਇਕ ਥਾਣੇਦਾਰ ਕਸ਼ਮੀਰ ਸਿੰਘ, ਦੀ ਅਗਵਾਈ ਹੇਠ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਪਿੰਡ ਦੇ ਸ਼ੱਕੀ ਵਿਅਕਤੀਆਂ ਦੇ ਘਰਾਂ ਵਿੱਚ ਜਾ ਕੇ ਬਾਰੀਕੀ ਨਾਲ ਜਾਂਚ ਕਰਦਿਆਂ ਘਰਾਂ ਦਾ ਚੱਪਾ-ਚੱਪਾ ਫਰੋਲਿਆ ਗਿਆ। ਇਸ ਮੌਕੇ ਨਸ਼ਾ ਤਸਕਰਾਂ ਨੂੰ ਐਸਪੀ ਮੈਡਮ ਹਿਨਾ ਗੁਪਤਾ ਤੇ ਬਠਿੰਡਾ ਦਿਹਾਤੀ ਦੇ ਡੀਐੱਸਪੀ ਹਰਵਿੰਦਰ ਸਿੰਘ ਸਰਾਂ ਨੇ ਸਖ਼ਤ ਸ਼ਬਦਾਂ ਵਿੱਚ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਸਪਲਾਈ ਕਰਦਾ ਫੜ੍ਹਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨਸ਼ਾ ਤਸਕਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਖ਼ਤ ਤਾੜਨਾ ਕੀਤੀ ਕਿ ਇਸ ਮਾੜੇ ਧੰਦੇ ਤੋਂ ਬਾਜ਼ ਆ ਜਾਣ ਜਾਂ ਫਿਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣ ਲਈ ਤਿਆਰ ਰਹਿਣ। ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦਾ ਪਿੰਡ ਵਾਸੀਆਂ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।