ਦੋ ਸਕੇ ਭਰਾਵਾਂ ਦੇ ਕਤਲ ਮਾਮਲੇ ’ਚ ਤਿੰਨ ਕਾਬੂ, ਤਿੰਨ ਫਰਾਰ
ਦੋ ਸਕੇ ਭਰਾਵਾਂ ਦੇ ਕਤਲ ਮਾਮਲੇ ’ਚ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਕੀਤਾ ਕਾਬੂ
Publish Date: Thu, 04 Dec 2025 06:58 PM (IST)
Updated Date: Fri, 05 Dec 2025 04:12 AM (IST)

ਮਨਜੀਤ ਨਰੂਆਣਾ, ਪੰਜਾਬੀ ਜਾਗਰਣ, ਬਠਿੰਡਾ 12 ਨਵੰਬਰ ਦੀ ਰਾਤ ਨੂੰ ਧੋਬੀਆਣਾ ਬਸਤੀ ’ਚ ਘਰ ਆ ਰਹੇ ਦੋ ਭਰਾਵਾਂ ’ਤੇ ਕੁੱਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ’ਚ ਜਤਿੰਦਰ ਦੀ ਕੁੱਝ ਘੰਟਿਆਂ ਵਿਚ ਮੌਤ ਹੋ ਗਈ, ਜਦੋਂ ਉਸ ਦੇ ਦੂਸਰੇ ਭਰਾ ਧਰਮਿੰਦਰ ਨੂੰ ਇਲਾਜ ਲਈ ਏਮਜ਼ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੇ ਭਰਾ ਦੀ ਵੀ ਇਲਾਜ਼ ਦੌਰਾਨ ਮੌਤ ਹੋ ਗਈ ਸੀ। ਪੁਲਿਸ ਨੇ ਦੋਹਰੇ ਕਤਲ ਕਾਂਡ ਨੂੰ ਅੰਜ਼ਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਦਕਿ ਤਿੰਨ ਦੋਸ਼ੀ ਹਾਲੇ ਵੀ ਫਰਾਰ ਚੱਲ ਰਹੇ ਹਨ। ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ 13 ਨਵੰਬਰ ਨੂੰ ਸਤਿੰਦਰ ਮਾਹਤੋਂ ਨੇ ਬਿਆਨ ਲਖਵਾਇਆ ਸੀ ਕਿ 12 ਨਵੰਬਰ ਨੂੰ ਆਪਣੇ ਵੱਡੇ ਭਰਾ ਜਤਿੰਦਰ ਮਾਹਤੋਂ ਜੋ ਕਿ ਨੈਟ ਪਲੱਸ ਕੰਪਨੀ ’ਚ ਕੰਮ ਕਰਦਾ ਹੈ ਅਤੇ ਉਸ ਦਾ ਭਰ ਧਰਮਿੰਦਰ ਮਾਹਤੋਂ ਜੋ ਕਿ ਦਾਦੀ ਪੋਤੀ ਪਾਰਕ ਨੇੜੇ ਜੂਸ ਦੀ ਰੇਹੜੀ ਲਾਉਂਦਾ ਹੈ। ਇਹ ਦੋਵੇਂ ਭਰਾ ਜਦੋਂ ਘਰ ਆ ਰਹੇ ਸਨ ਤਾਂ ਗੁਰਮਨ ਸਿੰਘ, ਸੁਖਪ੍ਰੀਤ ਸਿੰਘ ਉਰਫ਼ ਚੋਚੋ, ਵਿਸਕੀ, ਨੂਰਜੋਤ ਉਰਫ਼ ਨੂਰ, ਕਰਨ ਤੇ ਪ੍ਰਿੰਸ ਉਰਫ਼ ਪ੍ਰਿੰਸ ਅਮਲੀ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਜਤਿੰਦਰ ਮਾਹਤੋਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਧਰਮਿੰਦਰ ਮਾਹਤੋਂ ਨੂੰ ਗੰਭੀਰ ਜ਼ਖਮੀ ਹਾਲਤ ’ਚ ਇਲਾਜ ਲਈ ਬਠਿੰਡਾ ਦੇ ਏਮਜ਼ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਵੀ ਇਲਾਜ਼ ਦੌਰਾਨ ਮੌਤ ਹੋ ਗਈ। ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਰਨ, ਸੁਖਪ੍ਰੀਤ ਤੇ ਪ੍ਰਿੰਸ ਨੂੰ ਗ੍ਰਿਫ਼ਤਾਰ ਕਰ ਲਿਆ। ਜਿ਼ਕਰਯੋਗ ਹੈ ਕਿ ਪਰਿਵਾਰਕ ਮੈਂਬਰਾਂ ਵੱਲੋਂ ਘਟਨਾ ਤੋਂ ਤੁਰੰਤ ਬਾਅਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਜਤਿੰਦਰ ਮਾਹਤੋਂ ਦੀ ਲਾਸ਼ ਰੱਖ ਕੇ ਸੜਕ ਨੂੰ ਜਾਮ ਕੀਤਾ ਗਿਆ ਸੀ, ਪਰਿਵਾਰ ਦਾ ਸ਼ਹਿਰ ਦੇ ਕਈ ਲੋਕਾਂ ਨੇ ਵੀ ਸਾਥ ਦਿੱਤਾ ਸੀ।