ਸੰਘਣੀ ਧੁੰਦ ਦਾ ਕਹਿਰ ਦੂਜੇ ਦਿਨ ਵੀ ਜਾਰੀ…

-ਜਾਨੀ ਨੁਕਸਾਨ ਤੋਂ ਬਚਾਅ, ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ’ਚ ਕਰਵਾਇਆ ਦਾਖ਼ਲ, ਸੰਘਣੀ ਧੁੰਦ ਦਾ ਕਹਿਰ ਜਾਰੀ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ
ਐਤਵਾਰ ਨੂੰ ਇਕ ਵਾਰ ਫਿਰ ਸੰਘਣੀ ਧੁੰਦ ਕਾਰਨ ਜ਼ਿਲ੍ਹੇ ਦੀਆਂ ਵੱਖ-ਵੱਖ ਸੜਕਾਂ 'ਤੇ ਕਈ ਭਿਆਨਕ ਸੜਕ ਹਾਦਸੇ ਵਾਪਰੇ, ਜਿਸ ਵਿਚ ਲਗਭਗ ਇੱਕ ਦਰਜਨ ਲੋਕ ਜ਼ਖਮੀ ਹੋ ਗਏ। ਹਾਦਸੇ ਦੌਰਾਨ ਸਾਰੇ ਜ਼ਖਮੀਆਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਹਾਦਸੇ ਵਿਚ ਅੱਧਾ ਦਰਜਨ ਤੋਂ ਵੱਧ ਵਾਹਨ, ਜਿਨ੍ਹਾਂ ਵਿਚ ਚਾਰ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀਆਂ ਬੱਸਾਂ ਸ਼ਾਮਲ ਹਨ, ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਸਭ ਤੋਂ ਵੱਡਾ ਹਾਦਸਾ ਬਠਿੰਡਾ-ਮਾਨਸਾ ਮੁੱਖ ਸੜਕ 'ਤੇ ਵਾਪਰਿਆ। ਸਵੇਰੇ ਸੰਘਣੀ ਧੁੰਦ ਕਾਰਨ ਦ੍ਰਿਸ਼ਟੀ ਬਹੁਤ ਘੱਟ ਸੀ। ਜਾਣਕਾਰੀ ਅਨੁਸਾਰ ਇਤਿਹਾਸਕ ਧਾਰਮਿਕ ਸਥਾਨ ਮਾਈਸਰਖਾਨਾ ਦੇ ਨੇੜੇ ਇਕ ਢਾਬੇ ਕੋਲ ਮੋੜ 'ਤੇ ਜਾਂਦੇ ਸਮੇਂ ਪੀਆਰਟੀਸੀ ਦੀ ਬੱਸ ਦੀ ਟੱਕਰ ਟਰਾਲੀ ਨਾਲ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਵਿਚ ਬੱਸ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ, ਜਦੋਂ ਕਿ ਕਈ ਯਾਤਰੀ ਵੀ ਜ਼ਖਮੀ ਹੋ ਗਏ। ਇਸ ਹਾਦਸੇ ਤੋਂ ਕੁਝ ਪਲਾਂ ਬਾਅਦ ਪਿੱਛੇ ਤੋਂ ਆ ਰਹੀ ਇਕ ਹੋਰ ਬੱਸ ਸਮੇਂ ਸਿਰ ਬ੍ਰੇਕ ਨਾ ਲਗਾ ਸਕੀ ਅਤੇ ਪਹਿਲੀ ਬੱਸ ਨਾਲ ਟਕਰਾਅ ਗਈ।
ਇਸ ਟੱਕਰ ਵਿਚ ਦੋਵਾਂ ਬੱਸਾਂ ਵਿਚ ਸਵਾਰ ਅੱਧਾ ਦਰਜਨ ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਇਸ ਅਚਾਨਕ ਹਾਦਸੇ ਕਾਰਨ ਘਟਨਾ ਸਥਾਨ 'ਤੇ ਹਫੜਾ-ਦਫੜੀ ਮਚ ਗਈ ਤੇ ਟ੍ਰੈਫਿਕ ਜਾਮ ਹੋ ਗਿਆ। ਇਸ ਤੋਂ ਬਾਅਦ ਸਿਲੰਡਰ ਨਾਲ ਭਰਿਆ ਇਕ ਟਰੱਕ ਟਰੈਕਟਰ-ਟਰਾਲੀ ਨਾਲ ਟਕਰਾਅ ਗਿਆ। ਅੰਤ ਵਿਚ ਪਿੱਛੇ ਤੋਂ ਆ ਰਹੀ ਇਕ ਹੋਰ ਪੀਆਰਟੀਸੀ ਬੱਸ ਵੀ ਟੱਕਰ ਵਿਚ ਸ਼ਾਮਲ ਹੋ ਗਈ। ਇਸ ਭਿਆਨਕ ਟੱਕਰ ਵਿਚ ਬੱਸਾਂ ਅਤੇ ਹੋਰ ਵਾਹਨਾਂ ਵਿਚ ਸਵਾਰ ਦਰਜਨਾਂ ਲੋਕ ਜ਼ਖਮੀ ਹੋ ਗਏ। ਹਾਦਸੇ ਉਪਰੰਤ ਮੌਕੇ 'ਤੇ ਪਹੁੰਚੀਆਂ ਦੋ ਐਂਬੂਲੈਂਸਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਪਹੁੰਚਾਇਆ ਗਿਆ। ਉਥੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਸੰਘਣੀ ਧੁੰਦ ਕਾਰਨ ਦ੍ਰਿਸ਼ਟੀ ਬਹੁਤ ਘੱਟ ਸੀ, ਜਿਸ ਕਾਰਨ ਡਰਾਈਵਰ ਸਮੇਂ ਸਿਰ ਬ੍ਰੇਕ ਨਹੀਂ ਲਗਾ ਸਕੇ ਅਤੇ ਕਈ ਹਾਦਸੇ ਵਾਪਰੇ। ਸੂਚਨਾ ਮਿਲਣ 'ਤੇ ਥਾਣਾ ਕੋਟਫੱਤਾ ਪੁਲਿਸ ਦੀ ਟੀਮ ਤੇ ਸੜਕ ਸੁਰੱਖਿਆ ਫੋਰਸ ਘਟਨਾ ਸਥਾਨ 'ਤੇ ਪਹੁੰਚੀ। ਸਥਾਨਕ ਨਿਵਾਸੀਆਂ ਦੀ ਮਦਦ ਨਾਲ ਪੁਲਿਸ ਅਤੇ ਬਚਾਅ ਟੀਮ ਨੇ ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਬਠਿੰਡਾ ਅਤੇ ਮੌੜ ਪਹੁੰਚਾਇਆ। ਸੜਕ ਤੋਂ ਨੁਕਸਾਨੇ ਗਏ ਵਾਹਨਾਂ ਨੂੰ ਹਟਾ ਕੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਆਵਾਜਾਈ ਬਹਾਲ ਕੀਤੀ ਗਈ।
ਡੀਐੱਸਪੀ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਹਾਦਸੇ ਵਿਚ ਅੱਠ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਚਾਰ ਸਿਵਲ ਹਸਪਤਾਲ ਬਠਿੰਡਾ ਅਤੇ ਚਾਰ ਮੌੜ ਸਿਵਲ ਹਸਪਤਾਲ ਵਿਚ ਦਾਖਲ ਹਨ। ਵਾਹਨਾਂ ਵਿਚ ਸਾਰੇ ਸਾਰੇ ਲੋਕਾਂ ਨੂੰ ਸੱਟਾਂ ਆਈਆਂ ਹਨ ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪੁਲਿਸ ਹਾਦਸੇ ਦੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕਰ ਰਹੀ ਹੈ। ਬਠਿੰਡਾ-ਮਾਨਸਾ ਸੜਕ 'ਤੇ ਪਿੰਡ ਕੋਟਫੱਤਾ ਨੇੜੇ ਵੀ ਅਜਿਹਾ ਹੀ ਹਾਦਸਾ ਵਾਪਰਿਆ। ਸੰਘਣੀ ਧੁੰਦ ਕਾਰਨ ਇਕ ਇਨੋਵਾ ਕਾਰ ਸੜਕ ਦੇ ਗਲਤ ਸਾਈਡ ਤੋਂ ਆ ਰਹੀ ਸੀ ਅਤੇ ਸਾਹਮਣੇ ਤੋਂ ਆ ਰਹੀ ਪੀਆਰਟੀਸੀ ਬੱਸ ਨਾਲ ਟਕਰਾ ਗਈ। ਟੱਕਰ ’ਚ ਕਾਰ ਸਵਾਰਾਂ ਦੇ ਨਾਲ-ਨਾਲ ਬੱਸ ਵਿਚ ਸਵਾਰ ਕੁਝ ਯਾਤਰੀ ਵੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬਠਿੰਡਾ-ਰਾਮਪੁਰਾ ਸੜਕ 'ਤੇ ਇਕ ਹੋਰ ਹਾਦਸਾ ਵਾਪਰਿਆ। ਅਬੋਹਰ ਤੋਂ ਚੰਡੀਗੜ੍ਹ ਜਾ ਰਹੀ ਪੀਆਰਟੀਸੀ ਦੀ ਇਕ ਬੱਸ ਯਾਤਰੀਆਂ ਨੂੰ ਲੈਣ ਲਈ ਭੁੱਚੋਂ ਕੈਂਚੀਆਂ ਨੇੜੇ ਸਰਵਿਸ ਰੋਡ 'ਤੇ ਮੁੜ ਰਹੀ ਸੀ ਕਿ ਗਲਤ ਪਾਸੇ ਤੋਂ ਆ ਰਹੇ ਇਕ ਟਰੈਕਟਰ-ਟਰਾਲੀ ਨਾਲ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ ਚਾਲਕ ਗੰਭੀਰ ਜ਼ਖਮੀ ਹੋ ਗਿਆ, ਜਦੋਂ ਕਿ ਬੱਸ ਚਾਲਕ ਅਤੇ ਕਈ ਯਾਤਰੀਆਂ ਨੂੰ ਵੀ ਸੱਟਾਂ ਲੱਗੀਆਂ। ਸਾਰੇ ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਮੁੱਢਲੀ ਜਾਂਚ ਤੋਂ ਪਤਾ ਲਗਾ ਕਿ ਸੰਘਣੀ ਧੁੰਦ ਅਤੇ ਘੱਟ ਦਿਸਣਹੱਦ ਇਨ੍ਹਾਂ ਹਾਦਸਿਆਂ ਦੇ ਮੁੱਖ ਕਾਰਨ ਸਨ। ਸਵੇਰੇ ਧੁੰਦ ਇੰਨੀ ਸੰਘਣੀ ਸੀ ਕਿ ਕੁਝ ਮੀਟਰ ਤੋਂ ਅੱਗੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ, ਜਿਸ ਕਾਰਨ ਡਰਾਈਵਰਾਂ ਨੂੰ ਆਉਣ ਵਾਲੇ ਵਾਹਨ ਦਿਖਾਈ ਨਹੀਂ ਦੇ ਰਹੇ ਸਨ। ਪੁਲਿਸ ਨੇ ਸਾਰੇ ਮਾਮਲਿਆਂ ’ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਅਕਸਰ ਹੁੰਦੇ ਹਾਦਸਿਆਂ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਜਨਤਾ ਨੂੰ ਸੰਘਣੀ ਧੁੰਦ ਦੌਰਾਨ ਗੱਡੀ ਚਲਾਉਂਦੇ ਸਮੇਂ ਬਹੁਤ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਤੇ ਨੇੜਲੇ ਇਲਾਕਿਆਂ ’ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੰਘਣੀ ਧੁੰਦ ਪੈ ਰਹੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਵੀ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਲਈ ਪ੍ਰਸ਼ਾਸਨ ਨੇ ਡਰਾਈਵਰਾਂ ਅਤੇ ਜਨਤਾ ਨੂੰ ਅਜਿਹੇ ਹਾਦਸਿਆਂ ਤੋਂ ਬਚਣ ਲਈ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।