ਲੱਖਾਂ ਦੀ ਗ੍ਰਾਂਟ ਹੜੱਪਣ ਵਾਲਿਆਂ ’ਤੇ ਹੋਵੇਗੀ ਕਾਰਵਾਈ : ਵਿਧਾਇਕ ਸਿੱਧੂ
ਪਿੰਡ ਸਲਾਬਤਪੁਰਾ ਦੇ ਵਿਕਾਸ ਕਾਰਜਾਂ ਦੀ ਲੱਖਾਂ ਦੀ
Publish Date: Thu, 04 Dec 2025 06:48 PM (IST)
Updated Date: Fri, 05 Dec 2025 04:12 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਵਿਕਾਸ ਕਾਰਜਾਂ ਦੀ ਲੱਖਾਂ ਰੁਪਏ ਦੀ ਕਥਿਤ ਗ੍ਰਾਂਟ ਖੁਰਦ ਬੁਰਦ ਕਰਨ ਵਿਚ ਹਲਕਾ ਰਾਮਪੁਰਾ ਫੂਲ ਦਾ ਪਿੰਡ ਸਲਾਬਤਪੁਰਾ ਇਕ ਵਾਰ ਫੇਰ ਸੁਰਖੀਆਂ ਵਿਚ ਹੈ । ਆਮ ਆਦਮੀ ਪਾਰਟੀ ਦੇ ਆਗੂ ਤੇ ਮਾਰਕੀਟ ਕਮੇਟੀ ਭਗਤਾਂ ਦੇ ਚੇਅਰਮੈਨ ਬੇਅੰਤ ਸਿੰਘ ਧਾਲੀਵਾਲ ਨੇ ਬੀਡੀਪੀਓ ਫੂਲ ਤੇ ਹਲਕਾ ਵਿਧਾਇਕ ਬਲਕਾਰ ਸਿੱਧੂ ਦੇ ਧਿਆਨ ਵਿਚ ਸਲਾਬਤਪੁਰਾ ਪਿੰਡ ਦੀਆਂ ਗ੍ਰਾਂਟਾਂ ਹੜਪਣ ਦਾ ਮਾਮਲਾ ਧਿਆਨ ਵਿਚ ਲਿਆਂਦਾ। ਉਨ੍ਹਾਂ ਲਿਖਤੀ ਸ਼ਿਕਾਇਤ ਵਿਚ ਪਿੰਡ ਦੇ ਸਰਪੰਚ ਅਮਨਦੀਪ ਸਿੰਘ ਤੇ ਉਸ ਸਮੇਂ ਦੇ ਸੈਕਟਰੀ ਅਮਨਦੀਪ ਸਿੰਘ ’ਤੇ ਲੱਖਾਂ ਰੁਪਏ ਦੀ ਗ੍ਰਾਂਟ ਹੜਪਣ ਦੇ ਕਥਿਤ ਦੋਸ਼ ਲਾਏ। ਉਕਤ ਸ਼ਿਕਾਇਤ ’ਤੇ ਵਿਧਾਇਕ ਬਲਕਾਰ ਸਿੱਧੂ ਨੇ ਸਖ਼ਤ ਰੁਖ਼ ਅਪਣਾਉਂਦਿਆਂ ਸਪਸ਼ੱਟ ਕੀਤਾ ਕਿ ਦੋਸ਼ੀ ਕੋਈ ਵੀ ਹੋਵੇ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਵਿਧਾਇਕ ਸਿੱਧੂ ਨੇ ਭਰੋਸਾ ਦਿਵਾਇਆ ਕਿ ਹਲਕੇ ਦੇ ਕਿਸੇ ਵੀ ਪਿੰਡ ਸ਼ਹਿਰ ਵਿਚ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਹਰ ਗ੍ਰਾਂਟ ਪਾਰਦਰਸ਼ੀ ਤਰੀਕੇ ਨਾਲ ਖਰਚ ਹੋਵੇਗੀ ਅਤੇ ਹਲਕੇ ਵਿਚ ਭ੍ਰਿਸ਼ਟਾਚਾਰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਦੋਂ ਉਕਤ ਮਾਮਲੇ ਸਬੰਧੀ ਬੀਡੀਪੀਓ ਧਰਮਪਾਲ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬੇਅੰਤ ਸਿੰਘ ਸਲਾਬਤਪੁਰਾ ਵੱਲੋਂ ਸ਼ਿਕਾਇਤ ਮਿਲੀ, ਜਿਸ ਦੀ ਪੜਤਾਲ ਕਰਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਇਸ ਮਾਮਲੇ ਸਬੰਧੀ ਸਰਪੰਚ ਅਮਨਦੀਪ ਸਿੰਘ ਤੇ ਸੈਕਟਰੀ ਅਮਨਦੀਪ ਸਿੰਘ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ ਨਕਾਰਦਿਆਂ ਇਸ ਨੂੰ ਰਾਜਨੀਤਕ ਬਦਲਾਖੋਰੀ ਦੱਸਿਆ। ਉਨ੍ਹਾਂ ਸ਼ਿਕਾਇਤ ਕਰਤਾ ’ਤੇ ਵਿਕਾਸ ਕਾਰਜਾਂ ਵਿਚ ਅੜਿੱਕੇ ਪਹੁੰਚਾਉਣ ਦੇ ਕਥਿਤ ਦੋਸ਼ ਵੀ ਲਗਾਏ।