ਆਖਰੀ ਦਿਨ ਨਾਮਜਦਗੀਆਂ ਭਰਨ ਵਾਲੇ ਉਮੀਦਵਾਰਾਂ ਦੀ ਲੱਗੀ ਰਹੀ ਭੀੜ

-ਸੁਰੱਖਿਆ ਪ੍ਰਬੰਧ ਪੁਖ਼ਤਾ, ਤਲਵੰਡੀ ਸਾਬੋ ਤੇ ਰਾਪੁਰਾ ਫੂਲ ’ਚ ਕਾਂਗਰਸ ਦਾ ਫਸਿਆ ਪੇਚ, ਭਲਕੇ ਤੋਂ ਭਖੇਗਾ ਸਿਆਸੀ ਮਾਹੌਲ
11,12) ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਨਾਮਜ਼ਦਗੀਆਂ ਭਰਨ ਆਏ ਉਮੀਦਵਾਰ ਤੇ ਉਨ੍ਹਾਂ ਦੇ ਹਮਾਇਤੀਆਂ ਦੀ ਏਡੀਸੀ ਦਫ਼ਤਰ ’ਚ ਜਮਾਂ ਭੀੜ।
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੀ ਪੂਰਾ ਦਿਨ ਭੀੜ ਲੱਗੀ ਰਹੀ। ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਏਡੀਸੀ ਜਰਨਲ ਦੇ ਦਫਤਰ ਵਿੱਚ ਭਰੇ ਜਾ ਰਹੇ ਸਨ। ਇਸ ਦੌਰਾਨ ਪੁਲਿਸ ਨੇ ਏਡੀਸੀ ਦਫਤਰ ਨੂੰ ਦੋਵਾਂ ਪਾਸਿਆਂ ਤੋਂ ਸੀਲ ਕੀਤਾ ਹੋਇਆ ਸੀ ਤੇ ਭਾਰੀ ਗਿਣਤੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਸੀ। ਜ਼ਿਲ੍ਹਾ ਪ੍ਰੀਸ਼ਦ ਲਈ ਨਾਮਜਦਗੀ ਭਰਨ ਵਾਲੇ ਉਮੀਦਵਾਰ ਆਪਣੇ ਸਮਰਥਕਾਂ ਸਮੇਤ ਪੁੱਜੇ ਹੋਏ ਸਨ। ਏਡੀਸੀ ਤੇ ਡੀਸੀ ਦਫ਼ਤਰ ’ਚ ਚੋਣਾਂ ਲੜਨ ਦੇ ਇੱਛੁਕ ਤੇ ਉਨ੍ਹਾਂ ਦੇ ਹਮਾਇਤੀਆਂ ਦੀ ਭੀੜ ਜਮ੍ਹਾਂ ਹੋ ਗਈ ਸੀ। ਪੁਲਿਸ ਨੇ ਦਫਤਰ ਨੂੰ ਦੋਵੇਂ ਪਾਸਿਆਂ ਤੋਂ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਸੀ ਤੇ ਉਮੀਦਵਾਰ ਸਮੇਤ ਉਸਦੇ ਦੋ ਤਿੰਨ ਸਮਰਥਕਾਂ ਨੂੰ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਸੀ। ਪ੍ਰਬੰਧਕੀ ਕੰਪਲੈਕਸ ਦੇ ਨੇੜੇ ਥਾਂ ਥਾਂ ’ਤੇ ਗੱਡੀਆਂ ਲੱਗੀਆਂ ਹੋਈਆਂ ਸਨ। ਆਪਣੇ ਕੰਮ ਧੰਦੇ ਆਏ ਲੋਕਾਂ ਨੂੰ ਗੱਡੀਆਂ ਖੜਾਉਣ ਦੇ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪੂਰਾ ਪ੍ਰਬੰਧਕੀ ਕੰਪਲੈਕਸ ਅਤੇ ਆਸਾ-ਪਾਸਾ ਨਾਮਜਦਗੀਆਂ ਭਰਨ ਆਏ ਉਮੀਦਵਾਰਾਂ ਤੇ ਉਨ੍ਹਾਂ ਦੇ ਹਮਾਇਤੀਆਂ ਦੀਆਂ ਗੱਡੀਆਂ ਨਾਲ ਭਰਿਆ ਹੋਇਆ ਸੀ।
=ਮੁੱਖ ਮੰਤਰੀ ਦੇ ਕੀਤੇ ਕੰਮਾਂ ਤੋਂ ਪੰਜਾਬ ਵਾਸੀ ਖ਼ੁਸ਼ : ਵਿਧਾਇਕ ਜਗਸੀਰ ਸਿੰਘ
ਜ਼ਿਲ੍ਹਾ ਪ੍ਰੀਸ਼ਦ ਜੋਨ ਪੂਹਲਾ ਤੋਂ ਉਮੀਦਵਾਰ ਦੇ ਨਾਮਜ਼ਦਗੀ ਕਿ ਪੱਤਰ ਭਰਵਾਉਣ ਲਈ ਆਏ ਭੁੱਚੋ ਹਲਕੇ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਵਿੱਚ ਵੀ ਸ਼ਾਨਦਾਰ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਸ ਤੋਂ ਪਹਿਲੀਆਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਲੋਕ ਮੁੜ ਆਪ ਨੂੰ ਜਿੱਤ ਦਿਵਾਉਣਗੇ। ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਦੇਖਦਿਆਂ ਪੰਜਾਬ ਦੇ ਲੋਕ ਖੁਸ਼ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸੂਬੇ ਨੂੰ ਮੁੜ ਰੰਗਲਾ ਬਣਾਉਣ ਵਿੱਚ ਲੱਗੇ ਹੋਏ ਹਨ।
-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ’ਚ ਲੋਕ ਦੇਣਗੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ : ਰਵੀਪ੍ਰੀਤ ਸਿੰਘ
ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਲਈ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਉਣ ਆਏ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਅਤੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਰਵੀ ਪ੍ਰੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਪੌਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਪਿੰਡਾਂ ਦੇ ਵਿਕਾਸ ਲਈ ਕੁਝ ਨਹੀਂ ਕੀਤਾ, ਜਿਸ ਕਾਰਨ ਲੋਕ ਆਪ ਤੋਂ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਕਾਲੀ ਦਲ ਦਾ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਤਰਨਤਾਰਨ ਦੀ ਉਪ ਚੋਣ ਵੀ ਆਮ ਆਦਮੀ ਪਾਰਟੀ ਨੇ ਧੱਕੇਸ਼ਾਹੀ ਨਾਲ ਜਿੱਤੀ ਹੈ, ਜਦੋਂ ਕਿ ਇਨ੍ਹਾਂ ਚੋਣਾਂ ਵਿੱਚ ਵੀ ਆਪ ਧੱਕੇਸ਼ਾਹੀ ਅਤੇ ਧਾਂਦਲੀ ਦੀ ਸਾਜਿਸ਼ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੇ ਅਜਿਹਾ ਕੀਤਾ ਤਾਂ ਸ੍ਰੋਮਣੀ ਅਕਾਲੀ ਦਲ ਇਸ ਦ ਮੂੰਹ ਤੋੜਵਾ ਦਾ ਜਵਾਬ ਦੇਵੇਗਾ।
-ਭਾਜਪਾ ਜੋਸ਼ੋ-ਖਰੋਸ਼ ਨਾਲ ਲੜੇਗੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣ : ਗੁਰਪ੍ਰੀਤ ਸਿੰਘ ਮਲੂਕਾ
ਭਾਰਤੀ ਜਨਤਾ ਪਾਰਟੀ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨਹੀਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਭਾਜਪਾ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੂਰੇ ਜੋਸ਼ੋ ਖਰੋਸ਼ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਪੰਚਾਇਤ ਸੰਮਤੀ ਚੋਣਾਂ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਿੱਚ ਚੋਣਾਂ ਨੂੰ ਲੈ ਕੇ ਪੂਰਾ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਿੰਡਾਂ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਲੋਕ ਇਸ ਵਾਰ ਭਾਜਪਾ ਨੂੰ ਮੌਕਾ ਦੇਣਗੇ।
ਬਾਕਸ
ਤਲਵੰਡੀ ਸਾਬੋ ਤੇ ਰਾਮਪੁਰਾ ਵਿਚਾਲੇ ਕਾਂਗਰਸ ਦਾ ਫਸਿਆ ਪੇਚ : ਪ੍ਰੀਤਮ ਸਿੰਘ ਕੋਟਭਾਈ
ਤਲਵੰਡੀ ਸਾਬੋ ਅਤੇ ਰਾਮਪੁਰਾ ਫੂਲ ਵਿਧਾਨ ਸਭਾ ਹਲਕਿਆਂ ਅੰਦਰ ਉਮੀਦਵਾਰਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਆਗੂਆਂ ਵਿੱਚ ਪੇਜ ਫਸਿਆ ਰਿਹਾ। ਤਲਵੰਡੀ ਸਾਬੋ ਤੋਂ ਹਲਕਾ ਇੰਚਾਰਜ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਖੁਸ਼ਬਾਜ਼ ਸਿੰਘ ਜਟਾਣਾ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਦੋਂ ਕਿ ਇੱਥੋਂ ਦੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਵੀ ਆਪਣੇ ਇਕ ਸਾਥੀ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਾਉਣਾ ਚਾਹੁੰਦੇ ਸਨ। ਇਸ ਕਾਰਨ ਇਸ ਹਲਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਉਮੀਦਵਾਰਾਂ ਦਾ ਐਲਾਨ ਕੁਝ ਲੇਟ ਹੋਇਆ ਹੈ। ਇਸ ਤਰ੍ਹਾਂ ਹੀ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਅੰਦਰ ਸੀਨੀਅਰ ਯੂਥ ਕਾਂਗਰਸੀ ਆਗੂ ਜਸ਼ਨਦੀਪ ਸਿੰਘ ਚਹਿਲ ਵੱਲੋਂ ਇਕ ਵਿਸ਼ਾਲ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਸਾਬਕਾ ਵਿਧਾਇਕ ਪਹੁੰਚੇ ਸਨ, ਪਰ ਇਸ ਮੀਟਿੰਗ ਵਿੱਚੋਂ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਗੈਰ ਹਾਜ਼ਰ ਰਹੇ ਸਨ। ਕਾਂਗਰਸ ਪਾਰਟੀ ਦੇ ਦੋਵੇਂ ਧੜੇ ਆਪੋ ਆਪਣੇ ਉਮੀਦਵਾਰਾਂ ਨੂੰ ਟਿਕਟਾਂ ਦੇਣਾ ਚਾਹੁੰਦੇ ਸਨ, ਜਿਸ ਕਾਰਨ ਦੋਵਾਂ ਆਗੂਆਂ ਵਿੱਚ ਆਖਰੀ ਸਮੇਂ ਤੱਕ ਪੇਜ ਫਸਿਆ ਰਿਹਾ। ਇਸ ਤੋਂ ਬਾਅਦ ਕਾਂਗਰਸ ਹਾਈਕਮਾਂਡ ਦੀ ਦਖਲਅੰਦਾਜ਼ੀ ਨਾਲ ਇਹ ਮਾਮਲਾ ਸੁਲਝਾ ਲਿਆ ਗਿਆ ਹੈ। ਜਿਸ ਤੋਂ ਬਾਅਦ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਸਾਬਕਾ ਵਿਧਾਇਕ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਸਾਰੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।
6 ਦਸੰਬਰ ਨੂੰ ਉਮੀਦਵਾਰ ਆਪਣੇ ਨਾਮਜਦਗੀ ਪੱਤਰ ਵਾਪਸ ਲੈ ਸਕਣਗੇ। ਉਸ ਦਿਨ ਤਕ ਇਹ ਸਾਫ ਹੋ ਜਾਵੇਗਾ ਕਿ ਕਿਸ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ ਜਾਂ ਕਿਸੇ ਦੇ ਰੱਦ ਹੋਏ ਹਨ। ਇਸ ਤੋਂ ਬਾਅਦ ਚੋਣ ਮੈਦਾਨ ਵਿੱਚ ਰਹਿ ਗਏ ਉਮੀਦਵਾਰਾਂ ਦਾ ਪਤਾ ਲੱਗ ਜਾਵੇਗਾ, ਜਿਸ ਤੋਂ ਬਾਅਦ ਜ਼ਿਲ੍ਹੇ ਅੰਦਰ ਸਿਆਸੀ ਮਾਹੌਲ ਹੋਰ ਭਖੇਗਾ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਵੱਲੋਂ ਮੀਟਿੰਗਾਂ ਅਤੇ ਰੈਲੀਆਂ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ।