ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨ ਵਾਲੇ ਇਕ ਉਮੀਦਵਾਰ ਦੇ ਕਾਗ਼ਜ਼ ਰੱਦ
ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੜਨ ਲਈ ਕੁੱਲ 87 ਉਮੀਦਵਾਰਾਂ ਵੱਲੋਂ ਚੋਣ ਅਧਿਕਾਰੀਆਂ ਕੋਲ ਆਪਣੇ ਨਾਮਜਦਗੀ ਪੱਤਰ ਜਮ੍ਹਾ
Publish Date: Fri, 05 Dec 2025 06:37 PM (IST)
Updated Date: Sat, 06 Dec 2025 04:09 AM (IST)

-ਕੁੱਲ੍ਹ 87 ਨਾਮਜ਼ਦਗੀਆਂ ’ਚੋਂ 86 ਨਾਮਜ਼ਦਗੀਆਂ ਨਿਕਲੀਆਂ ਸਹੀ, ਚੋਣਾਂ ਸ਼ਾਂਤੀ ਨਾਲ ਨੇਪਰੇ ਚੜ੍ਹਾਉਣ ਦੀ ਤਿਆਰੀ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੜਨ ਲਈ ਕੁੱਲ 87 ਉਮੀਦਵਾਰਾਂ ਵੱਲੋਂ ਚੋਣ ਅਧਿਕਾਰੀਆਂ ਕੋਲ ਆਪਣੇ ਨਾਮਜਦਗੀ ਪੱਤਰ ਜਮ੍ਹਾ ਕਰਵਾਏ ਸਨ। ਸ਼ੁੱਕਰਵਾਰ ਨੂੰ ਨਾਮਜ਼ਾਦੀਆਂ ਦੀ ਹੋਈ ਪੜਤਾਲ ਦੌਰਾਨ ਇਕ ਉਮੀਦਵਾਰ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ, ਜਦੋਂ ਕਿ ਬਾਕੀ 86 ਉਮੀਦਵਾਰਾਂ ਦੀਆਂ ਨਾਮਜਦਗੀਆਂ ਸਹੀ ਪਾਈਆਂ ਗਈਆਂ ਹਨ। ਚੋਣ ਅਧਿਕਾਰੀ ਅਤੇ ਏਡੀਸੀ ਪੂਨਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੜਨ ਲਈ 87 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਸਨ। ਅੱਜ ਪੜਤਾਲ ਦੌਰਾਨ ਫੂਸ ਮੰਡੀ ਜ਼ੋਨ ਤੋਂ ਇਕ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਅਧੂਰੇ ਸਨ, ਜਿਸ ਕਾਰਨ ਉਨ੍ਹਾਂ ਨੂੰ ਰੱਦ ਕਰਨਾ ਪਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚੜਾਉਣ ਲਈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਜ਼ਿਲ੍ਹੇ ਅੰਦਰ ਸੰਵੇਦਨਸ਼ੀਲ ਤੇ ਅਤੀ ਸ਼ੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਪਛਾਣ ਕਰਕੇ ਉੱਥੇ ਸੁਰੱਖਿਆ ਦੇ ਲੋੜੀਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੋਲਿੰਗ ਬੂਥਾਂ ਦਾ ਪਿਛਲਾ ਰਿਕਾਰਡ ਵੀ ਚੈੱਕ ਕੀਤਾ ਗਿਆ ਹੈ। ਪਿਛਲੇ ਸਮੇਂ ਦੌਰਾਨ ਜਿਨ੍ਹਾਂ ਪੋਲਿੰਗ ਬੂਥਾਂ ’ਤੇ ਕੋਈ ਗੜਬੜ ਹੋਈ ਹੈ, ਉੱਥੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਪੂਨਮ ਸਿੰਘ ਨੇ ਦੱਸਿਆ ਕਿ ਚੋਣਾਂ ਦੌਰਾਨ ਪੂਰੀ ਵੀਡੀਓਗ੍ਰਾਫੀ ਹੋਵੇਗੀ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ 6 ਦਸੰਬਰ ਨੂੰ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ 3 ਵਜੇ ਤਕ ਵਾਪਸ ਲੈ ਸਕਣਗੇ, ਜਿਸ ਤੋਂ ਬਾਅਦ ਮੈਦਾਨ ਵਿੱਚ ਰਹਿ ਗਏ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਫੂਸ ਮੰਡੀ 3, ਬਲਾਹੜ ਵਿੰਝੂ, ਭੁੱਚੋ ਕਲਾਂ, ਬਾਂਡੀ, ਬਹਿਮਣ ਦੀਵਾਨਾ ਤੋਂ 4-4, ਸੀਰੀਏਵਾਲਾ, ਮਾਈਸਰਖਾਨਾ, ਬੁਰਜ ਗਿੱਲ, ਪੂਹਲਾ, ਮੰਡੀ ਕਲਾਂ ਅਤੇ ਕਰਾੜਵਾਲਾ ਤੋਂ 5-5, ਕਿੱਲੀ ਨਿਹਾਲ ਸਿੰਘ, ਜੈ ਸਿੰਘ ਵਾਲਾ, ਜੋਧਪੁਰ ਪਾਖਰ ਅਤੇ ਬੰਗੀ ਰੁਲਦੂ ਤੋਂ 6-6, ਪੱਕਾ ਕਲਾਂ ਤੇ ਸੀਂਗੋ ਤੋਂ 7-7 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਉਨ੍ਹਾਂ ਦੱਸਿਆ ਕਿ 14 ਦਸੰਬਰ 2025 ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਹੋਵੇਗੀ ਅਤੇ 17 ਦਸੰਬਰ 2025 ਨੂੰ ਵੋਟਾਂ ਦੀ ਗਿਣਤੀ ਕਰ ਕੇ ਉਸੇ ਹੀ ਦਿਨ ਨਤੀਜੇ ਘੋਸ਼ਿਤ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਚੋਣ ਪ੍ਰਕਿਰਿਆ ਸਵੇਰੇ 8 ਤੋਂ ਸ਼ਾਮ 4 ਵਜੇ ਤਕ ਹੋਵੇਗੀ।