ਟਰੱਕ ''ਚੋਂ 415 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ
ਪੱਤਰ ਪੇਰਕ, ਪੰਜਾਬੀ ਜਾਗਰਣ,
Publish Date: Sat, 17 Jan 2026 08:44 PM (IST)
Updated Date: Sun, 18 Jan 2026 04:19 AM (IST)

ਪੱਤਰ ਪੇਰਕ, ਪੰਜਾਬੀ ਜਾਗਰਣ, ਸੰਗਤ ਮੰਡੀ : ਥਾਣਾ ਨੰਦਗੜ੍ਹ ਦੀ ਪੁਲਿਸ ਟੀਮ ਨੇ ਗਸ਼ਤ ਦੌਰਾਨ ਸ਼ਰਾਬ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਪਿੰਡ ਬਾਜਕ ਨੇੜੇ ਨਾਕਾਬੰਦੀ ਦੌਰਾਨ ਇੱਕ ਟਰੱਕ ਤੋਂ 415 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ, ਜੋ ਪੰਜਾਬ ਤੋਂ ਉਹਨਾਂ ਰਾਜਾਂ ਵੱਲ ਭੇਜੀ ਜਾ ਰਹੀ ਸੀ ਜਿੱਥੇ ਸ਼ਰਾਬ ’ਤੇ ਪਾਬੰਦੀ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਧਰਮਪਾਲ ਸ਼ਰਮਾ ਵਾਸੀ ਅਹਿਮਦਗੜ੍ਹ, ਜਸਕਰਨ ਸਿੰਘ ਵਾਸੀ ਮਾਣੂਕੇ ਨਿਹਾਲ ਸਿੰਘ ਵਾਲਾ, ਗੁਰਵਿੰਦਰ ਸਿੰਘ ਵਾਸੀ ਤਖ਼ਤਪੁਰਾ ਨਿਹਾਲ ਸਿੰਘ ਵਾਲਾ ਅਤੇ ਜੱਸਾ ਸਿੰਘ ਵਾਸੀ ਕਾਲੋਕੇ (ਬਾਘਾ ਪੁਰਾਣਾ), ਜੋ ਕਿ ਸ਼ਰਾਬ ਦੇ ਠੇਕੇਦਾਰ ਹਨ, ਪੰਜਾਬ ਸਰਕਾਰ ਦੇ ਹੋਲਸੇਲ ਠੇਕੇਦਾਰਾਂ ਤੋਂ ਸ਼ਰਾਬ ਖਰੀਦ ਕੇ ਉਸ ਨੂੰ ਗੈਰਕਾਨੂੰਨੀ ਤੌਰ ’ਤੇ ਦੂਜੇ ਰਾਜਾਂ ਵਿੱਚ ਸਪਲਾਈ ਕਰਦੇ ਹਨ। ਦੋਸ਼ ਹੈ ਕਿ ਇਹ ਲੋਕ ਟਰੱਕਾਂ ਦੀਆਂ ਨੰਬਰ ਪਲੇਟਾਂ ਬਦਲ ਕੇ ਦੋ ਨੰਬਰ ਵਿੱਚ ਸ਼ਰਾਬ ਭੇਜਦੇ ਸਨ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਟਰੱਕ ਨੰਬਰ RJ-19-GE-0655 ਨੂੰ ਰੋਕਿਆ, ਜੋ ਬਾਜਾਖਾਨਾ ਸਰਕਲ ਦੇ ਠੇਕਿਆਂ ਤੋਂ ਸ਼ਰਾਬ ਲੋਡ ਕਰਕੇ ਗੁਜਰਾਤ/ਰਾਜਸਥਾਨ ਬਾਰਡਰ ਵੱਲ ਜਾ ਰਿਹਾ ਸੀ। ਟਰੱਕ ਵਿੱਚ ਸਵਾਰ ਗੁਰਪ੍ਰੀਤ ਸਿੰਘ ਵਾਸੀ ਫੁਲੇਵਾਲਾ (ਮੋਗਾ), ਸੁਰੇਸ਼ ਕੁਮਾਰ ਵਾਸੀ ਸਾਂਚੋਰ (ਰਾਜਸਥਾਨ) ਅਤੇ ਹਨੁਮਾਨਾ ਰਾਮ ਬਿਸ਼ਨੋਈ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਟਰੱਕ ਵਿੱਚੋਂ 415 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਟਰੱਕ ਚਾਲਕ, ਸਹਚਾਲਕ ਸਮੇਤ ਸਾਰੇ ਦੋਸ਼ੀਆਂ ਖ਼ਿਲਾਫ਼ ਥਾਣਾ ਨੰਦਗੜ੍ਹ ਵਿੱਚ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਸ਼ਰਾਬ ਕਿੱਥੋਂ ਲਿਆਈ ਗਈ ਸੀ ਅਤੇ ਕਿਹੜੇ ਰਾਜਾਂ ਵਿੱਚ ਸਪਲਾਈ ਕੀਤੀ ਜਾਣੀ ਸੀ। ਇਸ ਤਸਕਰੀ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਭੂਮਿਕਾ ਵੀ ਖੰਗਾਲੀ ਜਾ ਰਹੀ ਹੈ।