ਬਠਿੰਡਾ 'ਚ ਦਹਿਸ਼ਤ: ਰੇਲਵੇ ਟ੍ਰੈਕ ਉਡਾਉਣ ਦੀ ਧਮਕੀ, ਯਾਤਰੀਆਂ ਦੀ ਚੈਕਿੰਗ ਸ਼ੁਰੂ
ਫਿਲਹਾਲ ਪੁਲਿਸ ਅਤੇ ਖੁਫੀਆ ਏਜੰਸੀਆਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ। ਈਮੇਲ ਭੇਜਣ ਵਾਲੇ ਵਿਅਕਤੀ ਦੀ ਪਹਿਚਾਣ ਕਰਨ ਦੇ ਯਤਨ ਜਾਰੀ ਹਨ ਅਤੇ ਤਕਨੀਕੀ ਮਾਧਿਅਮਾਂ ਰਾਹੀਂ ਉਸਦੀ ਲੋਕੇਸ਼ਨ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Publish Date: Mon, 20 Apr 2026 02:26 PM (IST)
Updated Date: Mon, 20 Apr 2026 02:29 PM (IST)
ਸੀਨੀਅਰ ਸਟਾਫ ਰਿਪੋਰਟਰ, ਬਠਿੰਡਾ: ਬਠਿੰਡਾ ਵਿੱਚ ਇੱਕ ਵਾਰ ਫਿਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਸੋਮਵਾਰ ਨੂੰ ਇੱਕ ਅਣਪਛਾਤੀ ਈਮੇਲ ਰਾਹੀਂ ਰੇਲਵੇ ਟ੍ਰੈਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਵਿੱਚ ਤਰਥੱਲੀ ਮਚ ਗਈ। ਇਸ ਈਮੇਲ ਵਿੱਚ ਚੰਡੀਗੜ੍ਹ ਦੇ ਇੱਕ ਕਾਲਜ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ, ਜਿਸ ਨਾਲ ਮਾਮਲੇ ਦੀ ਗੰਭੀਰਤਾ ਹੋਰ ਵੱਧ ਗਈ ਹੈ।
ਧਮਕੀ ਮਿਲਣ ਦੇ ਤੁਰੰਤ ਬਾਅਦ ਬਠਿੰਡਾ ਰੇਲਵੇ ਸਟੇਸ਼ਨ ‘ਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਅਤੇ ਯਾਤਰੀਆਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ। ਹਾਲਾਂਕਿ ਸਟੇਸ਼ਨ ‘ਤੇ ਮੌਜੂਦ ਕਈ ਯਾਤਰੀਆਂ ਅਤੇ ਸਥਾਨਕ ਲੋਕਾਂ ਨੇ ਚੈਕਿੰਗ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨੀ ਗੰਭੀਰ ਧਮਕੀ ਦੇ ਬਾਵਜੂਦ ਸੁਰੱਖਿਆ ਜਾਂਚ ਉਨੀ ਸਖ਼ਤ ਨਹੀਂ ਦਿਖ ਰਹੀ ਜਿੰਨੀ ਉਮੀਦ ਕੀਤੀ ਜਾ ਰਹੀ ਸੀ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਤਰ੍ਹਾਂ ਦੀ ਧਮਕੀ ਸਾਹਮਣੇ ਆਈ ਹੋਵੇ। ਇਸ ਤੋਂ ਪਹਿਲਾਂ ਵੀ ਬਠਿੰਡਾ ਦੇ ਡਾਕਘਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਲਗਾਤਾਰ ਹੋ ਰਹੀਆਂ ਅਜਿਹੀਆਂ ਘਟਨਾਵਾਂ ਨੇ ਪ੍ਰਸ਼ਾਸਨ ਦੀ ਤਿਆਰੀ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜੇ ਕਰ ਦਿੱਤੇ ਹਨ।
ਫਿਲਹਾਲ ਪੁਲਿਸ ਅਤੇ ਖੁਫੀਆ ਏਜੰਸੀਆਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ। ਈਮੇਲ ਭੇਜਣ ਵਾਲੇ ਵਿਅਕਤੀ ਦੀ ਪਹਿਚਾਣ ਕਰਨ ਦੇ ਯਤਨ ਜਾਰੀ ਹਨ ਅਤੇ ਤਕਨੀਕੀ ਮਾਧਿਅਮਾਂ ਰਾਹੀਂ ਉਸਦੀ ਲੋਕੇਸ਼ਨ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੁਲਿਸ ਨੇ ਯਾਤਰੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਵਧਾਨ ਰਹਿਣ ਅਤੇ ਕਿਸੇ ਵੀ ਸੰਦੇਹਜਨਕ ਵਸਤੂ ਜਾਂ ਵਿਅਕਤੀ ਬਾਰੇ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਨੂੰ ਸੂਚਿਤ ਕਰਨ। ਪ੍ਰਸ਼ਾਸਨ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ, ਤਾਂ ਜੋ ਕਿਸੇ ਵੀ ਸੰਭਾਵਿਤ ਖ਼ਤਰੇ ਨੂੰ ਸਮੇਂ ਸਿਰ ਟਾਲਿਆ ਜਾ ਸਕੇ।