‘ਆਪ’ ਦੀ ਮਹਿਲਾ ਆਗੂ ਖ਼ਿਲਾਫ਼ ਵਿਜੀਲੈਂਸ ਵੱਲੋਂ ਕੇਸ ਦਰਜ
news from bti news from bti
Publish Date: Thu, 05 Feb 2026 10:25 PM (IST)
Updated Date: Thu, 05 Feb 2026 10:26 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਵਿਜੀਲੈਂਸ ਬਿਊਰੋ ਨੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਤਤਕਾਲੀ ਜ਼ਿਲ੍ਹਾ ਪ੍ਰਧਾਨ ਤੇ ਮੌਜੂਦਾ ਸਰਪੰਚ ਸਤਵੀਰ ਕੌਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਸਤਵੀਰ ਕੌਰ ਨੇ ਇੱਕ ਡਰਾਈਵਰ ਨੂੰ ਨੌਕਰੀ ਦਿਵਾਉਣ ਦੇ ਬਦਲੇ ਹਰ ਮਹੀਨੇ ਉਸ ਦੀ ਤਨਖਾਹ ਵਿੱਚੋਂ ਰਕਮ ਵਸੂਲ ਕੀਤੀ। ਵਿਜੀਲੈਂਸ ਬਿਊਰੋ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਸ਼ਿਕਾਇਤਕਰਤਾ ਜਤਿੰਦਰ ਸਿੰਘ ਵਾਸੀ ਪਿੰਡ ਭਵਾਨੀਗੜ੍ਹ ਭੁੱਖਿਆਵਾਲੀ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਨੂੰ 24 ਜੁਲਾਈ 2023 ਨੂੰ ਪੰਜਾਬ ਰਾਜ ਵਣ ਵਿਕਾਸ ਨਿਗਮ ਵਿੱਚ ਆਊਟਸੋਰਸਿੰਗ ਅਧੀਨ ਡਰਾਈਵਰ ਵਜੋਂ ਨਿਯੁਕਤ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਕਿ ਸਤਵੀਰ ਕੌਰ ਨੇ ਮਿਲ ਕੇ ਜਤਿੰਦਰ ਸਿੰਘ ਤੋਂ ਹਰ ਮਹੀਨੇ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਬਾਅਦ ਵਿੱਚ ਇਹ ਰਕਮ 8,500 ਰੁਪਏ ਪ੍ਰਤੀ ਮਹੀਨਾ ਤੈਅ ਕੀਤੀ ਗਈ, ਜੋ ਨੌਕਰੀ ’ਤੇ ਬਣੇ ਰਹਿਣ ਦੀ ਸ਼ਰਤ ਵਜੋਂ ਮੰਗੀ ਜਾਂਦੀ ਰਹੀ। ਜਦੋਂ ਜਤਿੰਦਰ ਸਿੰਘ ਅਤੇ ਉਸ ਦੇ ਮਾਤਾ-ਪਿਤਾ ਨੇ ਹੋਰ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਅਕਤੂਬਰ 2023 ਤੋਂ ਬਾਅਦ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਜਾਂਚ ਦੌਰਾਨ ਜਤਿੰਦਰ ਸਿੰਘ ਨੇ 11 ਆਡੀਓ ਅਤੇ ਵੀਡੀਓ ਰਿਕਾਰਡਿੰਗਜ਼ ਸੌਂਪੀਆਂ। ਵਿਜੀਲੈਂਸ ਬਿਊਰੋ ਦੀ ਜਾਂਚ ਵਿੱਚ ਪਹਿਲੀ ਨਜ਼ਰ ਵਿੱਚ ਇਹ ਗੱਲ ਸਾਬਤ ਹੋਈ ਹੈ ਕਿ ਸਤਵੀਰ ਕੌਰ ਨੇ ਆਪਣੇ ਰਾਜਨੀਤਿਕ ਪ੍ਰਭਾਵ ਦੀ ਵਰਤੋਂ ਕਰਕੇ ਨੌਕਰੀ ਦਿਵਾਉਣ ਦੇ ਬਦਲੇ ਗੈਰਕਾਨੂੰਨੀ ਤੌਰ ’ਤੇ ਪੈਸਿਆਂ ਦੀ ਮੰਗ ਕੀਤੀ। ਇਸ ਆਧਾਰ ’ਤੇ 1988 ਦੀ ਧਾਰਾ 7-ਏ ਤਹਿਤ ਸਤਵੀਰ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।