ਓਵਰਬ੍ਰਿਜ਼ ਬੰਦ ਕੀਤੇ ਜਾਣ ਕਾਰਨ ਬਠਿੰਡਾ ਚੰਡੀਗੜ੍ਹ ਨੈਸਨਲ ਹਾਈਵੇ ’ਤੇ ਲੱਗ ਰਿਹਾ ਲੰਬਾ ਜਾਮ

- ਹੁਣ ਸਾਰਾ ਟ੍ਰੈਫ਼ਿਕ ਸ਼ਹਿਰ ’ਚ ਰਿਹਾ ਲੰਘ, ਬੀਬੀਵਾਲਾ, ਭੱਟੀ ਚੌਕ ਤੇ ਭਾਈ ਕਨ੍ਹੱਈਆਂ ਚੌਕ ਵੀ ਰਹਿੰਦਾ ਜਾਮ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਬਠਿੰਡਾ ਸ਼ਹਿਰ ਵਿੱਚ ਰਿੰਗ ਰੋਡ ਫੇਜ਼-1 ਦਾ ਨਿਰਮਾਣ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਇਸਨੂੰ ਸਿੱਧਾ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਨਾਲ ਜੋੜਨ ਦੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਯੋਜਨਾ ਤਹਿਤ ਬੀਬੀਵਾਲਾ ਚੌਕ ’ਤੇ ਨਵੇਂ ਓਵਰਬ੍ਰਿਜ਼ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਹਾਲਾਂਕਿ ਇਸ ਨਵੇਂ ਓਵਰਬ੍ਰਿਜ਼ ਦੀ ਤਾਮੀਰ ਕਾਰਨ ਮੌਜੂਦਾ ਓਵਰਬ੍ਰਿਜ਼ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਨੈਸ਼ਨਲ ਹਾਈਵੇ ’ਤੇ ਲਗਾਤਾਰ ਟ੍ਰੈਫ਼ਿਕ ਜਾਮ ਦੀ ਸਮੱਸਿਆ ਗੰਭੀਰ ਰੂਪ ਧਾਰ ਚੁੱਕੀ ਹੈ। ਮੌਜੂਦਾ ਓਵਰਬ੍ਰਿਜ਼ ਦੇ ਬੰਦ ਹੋਣ ਨਾਲ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਵਾਹਨਾਂ ਦੀ ਲੰਬੀ ਕਤਾਰ ਲੱਗ ਰਹੀ ਹੈ। ਵੀਰਵਾਰ ਨੂੰ ਵੀ ਕਈ ਕਿਲੋਮੀਟਰ ਤਕ ਜਾਮ ਦੀ ਸਥਿਤੀ ਬਣੀ ਰਹੀ, ਜਿਸ ਕਾਰਨ ਸਵੇਰੇ ਅਤੇ ਸ਼ਾਮ ਦੇ ਸਮੇਂ ਦਫ਼ਤਰੀ ਕਰਮਚਾਰੀਆਂ, ਵਿਦਿਆਰਥੀਆਂ ਅਤੇ ਆਮ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲੋਕ ਘੰਟਿਆਂ ਤਕ ਸੜਕਾਂ ’ਤੇ ਫਸੇ ਰਹੇ ਅਤੇ ਕਈ ਵਾਹਨ ਹੌਲੀ-ਹੌਲੀ ਅੱਗੇ ਵਧਦੇ ਦਿਖਾਈ ਦਿੱਤੇ।
ਜਾਣਕਾਰੀ ਮੁਤਾਬਿਕ ਨੈਸ਼ਨਲ ਹਾਈਵੇ ਦੇ ਨਾਲ-ਨਾਲ ਬਣਾਈਆਂ ਗਈਆਂ ਸਲਿੱਪ ਰੋਡਾਂ ਵੀ ਆਮ ਆਵਾਜਾਈ ਲਈ ਉਪਲਬਧ ਨਹੀਂ ਹਨ ਕਿਉਂਕਿ ਸੁਰੱਖਿਆ ਦੇ ਮੱਦੇਨਜ਼ਰ ਉੱਥੇ ਫੌਜ ਦਾ ਕਬਜ਼ਾ ਹੈ। ਫੌਜ ਨੇ ਆਪਣੇ ਨਾਕੇ ਲਗਾ ਕੇ ਸਲਿੱਪ ਰੋਡ ਨੂੰ ਬੰਦ ਕੀਤਾ ਹੋਇਆ ਹੈ। ਉਧਰ ਸਿਰਫ਼ ਫੌਜ ਦੇ ਵ੍ਹੀਕਲ ਹੀ ਜਾ ਸਕਦੇ ਹਨ। ਇਸ ਕਾਰਨ ਟ੍ਰੈਫ਼ਿਕ ਨੂੰ ਬਦਲਣ ਲਈ ਪ੍ਰਸ਼ਾਸਨ ਕੋਲ ਵੱਖਰਾ ਬਦਲ ਨਹੀਂ ਬਚਦਾ। ਨਤੀਜੇ ਵਜੋਂ ਬੀਬੀਵਾਲਾ ਚੌਕ, ਭੱਟੀ ਰੋਡ, ਭਾਈ ਕਨੱਈਆਂ ਚੌਕ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਜਾਮ ਵਰਗੀ ਸਥਿਤੀ ਦਿਨ ਭਰ ਬਣੀ ਰਹਿੰਦੀ ਹੈ। ਸ਼ਾਮ ਸਮੇਂ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਪਹਿਲਾਂ ਮਲੋਟ, ਅਬੋਹਰ, ਸ੍ਰੀ ਅੰਮ੍ਰਿਤਸਰ, ਫ਼ਰੀਦਕੋਟ ਅਤੇ ਫਿਰੋਜ਼ਪੁਰ ਵੱਲ ਜਾਣ ਵਾਲਾ ਜ਼ਿਆਦਾਤਰ ਟ੍ਰੈਫ਼ਿਕ ਓਵਰਬ੍ਰਿਜ਼ ਰਾਹੀਂ ਸ਼ਹਿਰ ਤੋਂ ਬਾਹਰੋਂ ਹੀ ਲੰਘ ਜਾਂਦਾ ਸੀ। ਇਸ ਨਾਲ ਸ਼ਹਿਰ ਦੇ ਅੰਦਰਲੇ ਇਲਾਕਿਆਂ ਵਿੱਚ ਟ੍ਰੈਫ਼ਿਕ ਦਾ ਦਬਾਅ ਘੱਟ ਰਹਿੰਦਾ ਸੀ। ਪਰ ਹੁਣ ਓਵਰਬ੍ਰਿਜ਼ ਬੰਦ ਹੋਣ ਕਾਰਨ ਇਹ ਸਾਰਾ ਟ੍ਰੈਫ਼ਿਕ ਸ਼ਹਿਰ ਦੇ ਵਿਚਕਾਰੋਂ ਲੰਘ ਰਿਹਾ ਹੈ, ਜਿਸ ਨਾਲ ਸੜਕਾਂ ‘ਤੇ ਵਾਹਨਾਂ ਦੀ ਭੀੜ ਵਧ ਗਈ ਹੈ ਅਤੇ ਰੋਜ਼ਾਨਾ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਸਥਾਨਕ ਵਸਨੀਕਾਂ ਅਤੇ ਵਪਾਰੀਆਂ ਨੇ ਵੀ ਇਸ ਸਥਿਤੀ ’ਤੇ ਚਿੰਤਾ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਾਮ ਕਾਰਨ ਗਾਹਕ ਦੁਕਾਨਾਂ ਤਕ ਨਹੀਂ ਪਹੁੰਚ ਪਾ ਰਹੇ ਅਤੇ ਕਾਰੋਬਾਰ ’ਤੇ ਮੰਦਾਪੇ ਦਾ ਅਸਰ ਪੈ ਰਿਹਾ ਹੈ। ਐਮਰਜੈਂਸੀ ਸੇਵਾਵਾਂ ਜਿਵੇਂ ਐਂਬੂਲੈਂਸ ਅਤੇ ਅੱਗ ਬੁਝਾਊ ਵਾਹਨਾਂ ਲਈ ਵੀ ਰਸਤਾ ਬਣਾਉਣਾ ਮੁਸ਼ਕਿਲ ਹੋ ਜਾਂਦਾ ਹੈ, ਜੋ ਕਿ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਟ੍ਰੈਫ਼ਿਕ ਪੁਲਿਸ ਵੱਲੋਂ ਜਾਮ ਨੂੰ ਸੰਭਾਲਣ ਲਈ ਵੱਖ-ਵੱਖ ਚੌਰਾਹਿਆਂ ’ਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਪਰ ਵਾਹਨਾਂ ਦੀ ਬੇਹਿਸਾਬ ਗਿਣਤੀ ਕਾਰਨ ਸਮੱਸਿਆ ਦਾ ਪੂਰਨ ਹੱਲ ਨਹੀਂ ਨਿਕਲ ਸਕਿਆ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਅਸਥਾਈ ਦਿੱਕਤ ਹੈ ਅਤੇ ਨਵੇਂ ਓਵਰਬ੍ਰਿਜ਼ ਦੇ ਤਿਆਰ ਹੋਣ ਨਾਲ ਟ੍ਰੈਫ਼ਿਕ ਸਮੱਸਿਆ ਤੋਂ ਰਾਹਤ ਮਿਲੇਗੀ। ਅਧਿਕਾਰੀਆਂ ਮੁਤਾਬਕ, ਨਵਾਂ ਓਵਰਬ੍ਰਿਜ਼ ਰਿੰਗ ਰੋਡ ਨੂੰ ਨੈਸ਼ਨਲ ਹਾਈਵੇ ਨਾਲ ਸਿੱਧਾ ਜੋੜੇਗਾ, ਜਿਸ ਨਾਲ ਭਵਿੱਖ ਵਿੱਚ ਸ਼ਹਿਰ ਦੇ ਅੰਦਰਲੇ ਹਿੱਸਿਆਂ ਵਿੱਚ ਟ੍ਰੈਫ਼ਿਕ ਦਾ ਬੋਝ ਘਟੇਗਾ।
ਲੋਕਾਂ ਦੀ ਮੰਗ ਹੈ ਕਿ ਨਿਰਮਾਣ ਦੌਰਾਨ ਟ੍ਰੈਫ਼ਿਕ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ ਅਤੇ ਸਲਿੱਪ ਰੋਡਾਂ ਨੂੰ ਆਮ ਆਵਾਜਾਈ ਲਈ ਅਸਥਾਈ ਤੌਰ ‘ਤੇ ਖੋਲ੍ਹਿਆ ਜਾਵੇ ਤਾਂ ਜੋ ਜਾਮ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕੇ। ਜਦੋਂ ਤਕ ਨਵਾਂ ਓਵਰਬ੍ਰਿਜ਼ ਤਿਆਰ ਨਹੀਂ ਹੁੰਦਾ, ਉਦੋਂ ਤਕ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਸਰਕਾਰੀ ਅਧਿਕਾਰੀਆਂ ਅਨੁਸਾਰ ਨਵਾਂ ਓਵਰਬ੍ਰਿਜ਼ ਬਣਨ ਲਈ ਕਰੀਬ ਇਕ ਸਾਲ ਦਾ ਸਮਾਂ ਲੱਗੇਗਾ, ਜਿਸ ਕਾਰਨ ਇਕ ਸਾਲ ਤਕ ਟ੍ਰੈਫ਼ਿਕ ਜਾਮ ਦੀ ਸਮੱਸਿਆ ਬਣੀ ਰਹਿ ਸਕਦੀ ਹੈ। ਕੁੱਲ ਮਿਲਾ ਕੇ ਰਿੰਗ ਰੋਡ ਫੇਜ਼-1 ਦੇ ਮੁਕੰਮਲ ਹੋਣ ਬਾਅਦ ਇਸ ਨੂੰ ਨੈਸ਼ਨਲ ਹਾਈਵੇ ਨਾਲ ਜੋੜਨ ਦੀ ਸ਼ੁਰੂਆਤ ਵਿਕਾਸ ਦੀ ਇਕ ਨਵੀਂ ਦਿਸ਼ਾ ਜ਼ਰੂਰ ਖੁੱਲੀ ਹੈ, ਪਰ ਨਵੇਂ ਓਵਰਬ੍ਰਿਜ਼ ਦੇ ਨਿਰਮਾਣ ਕਾਰਨ ਮੌਜੂਦਾ ਟ੍ਰੈਫ਼ਿਕ ਪ੍ਰਬੰਧ ਇੱਕ ਵੱਡੀ ਚੁਣੌਤੀ ਬਣ ਗਿਆ ਹੈ।