ਘੋੜੀਆਂ ਦੇ ਮੇਲੇ ਲਈ ਪੱਕੀ ਜਗ੍ਹਾ ਜਲਦ

-ਤਲਵੰਡੀ ਸਾਬੋ ਘੋੜੀਆਂ ਦੇ ਮੇਲੇ ’ਚ ਅਮੀਤ ਸਿੱਧੂ ਟੀਮਾਂ ਦੀ ਸ਼ਿਰਕਤ, ਕੇਂਦਰੀ ਬਜਟ ’ਤੇ ਸਵਾਲ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਪੰਜਾਬ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਪੁੱਤਰ ਅਮੀਤ ਸਿੱਧੂ ਟੀਮਾ ਨੇ ਤਲਵੰਡੀ ਸਾਬੋ ਵਿਖੇ ਲੱਗੇ ਪ੍ਰਸਿੱਧ ਅਤੇ ਇਤਿਹਾਸਕ ਪੰਜਵੇਂ ਘੋੜੀਆਂ ਦੇ ਮੇਲੇ ’ਚ ਸ਼ਿਰਕਤ ਕਰਦਿਆਂ ਮੇਲੇ ਦੇ ਪ੍ਰਬੰਧਕਾਂ ਅਤੇ ਸ਼ਹਿਰ ਵਾਸੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਤਲਵੰਡੀ ਸਾਬੋ ਦੇ ਘੋੜੀਆਂ ਦੇ ਮੇਲੇ ਲਈ ਜਲਦ ਹੀ ਪੰਜਾਬ ਸਰਕਾਰ ਵੱਲੋਂ ਇੱਕ ਢੁੱਕਵੀਂ ਅਤੇ ਸਥਾਈ ਜਗ੍ਹਾ ਮੁਹੱਈਆ ਕਰਵਾਉਣ ਲਈ ਮੰਤਰੀ ਸਾਹਿਬ ਅਤੇ ਸਬੰਧਤ ਵਿਭਾਗਾਂ ਨਾਲ ਗੱਲਬਾਤ ਕੀਤੀ ਜਾਵੇਗੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਮੀਤ ਸਿੱਧੂ ਟੀਮਾ ਨੇ ਕਿਹਾ ਕਿ ਤਲਵੰਡੀ ਸਾਬੋ ਦਾ ਘੋੜੀਆਂ ਦਾ ਮੇਲਾ ਸਿਰਫ਼ ਇਕ ਵਪਾਰਕ ਜਾਂ ਮਨੋਰੰਜਕ ਸਮਾਗਮ ਨਹੀਂ, ਸਗੋਂ ਪੰਜਾਬ ਦੀ ਲੋਕਧਾਰਾ, ਸੱਭਿਆਚਾਰ ਅਤੇ ਵਿਰਾਸਤ ਨਾਲ ਡੂੰਘਾ ਨਾਤਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਮੇਲੇ ਨੂੰ ਦਰਪੇਸ਼ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਇਸ ਨੂੰ ਬਿਹਤਰ ਸੁਵਿਧਾਵਾਂ ਦੇ ਨਾਲ ਅੱਗੇ ਵਧਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਟੀਮਾ ਨੇ ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ’ਤੇ ਵੀ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬਜਟ ’ਚ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਹੜਾਂ ਦੀ ਮਾਰ ਝੱਲ ਰਿਹਾ ਹੈ, ਜਿਸ ਕਾਰਨ ਕਿਸਾਨਾਂ, ਵਪਾਰੀਆਂ ਅਤੇ ਆਮ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ, ਪਰ ਬਜਟ ’ਚ ਰਾਜ ਲਈ ਕੋਈ ਵਿਸ਼ੇਸ਼ ਰਾਹਤ ਜਾਂ ਮਦਦ ਦਾ ਪ੍ਰਬੰਧ ਨਹੀਂ ਕੀਤਾ ਗਿਆ। ਮੇਲੇ ਦੇ ਵਧੀਆ ਤੇ ਢੁੱਕਵੇ ਤਰੀਕੇ ਨਾਲ ਪੁਖਤਾ ਪ੍ਰਬੰਧਾਂ ਲਈ ਟੀਮਾਂ ਨੇ ਪੰਜਾਬ ਪੁਲਿਸ ਅਤੇ ਵਿਸ਼ੇਸ਼ ਤੌਰ ’ਤੇ ਡੀਐਸਪੀ ਹਰਪ੍ਰੀਤ ਸਿੰਘ ਚਹਿਲ ਤਲਵੰਡੀ ਸਾਬੋ ਦੀ ਪ੍ਰਸ਼ੰਸਾ ਕੀਤੀ। ਇਸ ਦੌਰਾਨ ਸ੍ਰੀ ਦਮਦਮਾ ਹੋਰਸ ਸੁਸਾਇਟੀ ਤਲਵੰਡੀ ਸਾਬੋ ਵੱਲੋਂ ਅਮੀਤ ਸਿੱਧੂ ਟੀਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਘੋੜੀਆਂ ਦੇ ਮੇਲੇ ’ਚ ਪਹੁੰਚਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਟੀਮਾ ਦੇ ਪੁਰਾਣੇ ਸਾਥੀ ਪ੍ਰੋਫੈਸਰ ਤੇ ਪ੍ਰਸਿੱਧ ਗਾਇਕ ਜੱਸੀ ਖਾਨ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਉਨ੍ਹਾਂ ਨੂੰ ਤਲਵੰਡੀ ਸਾਬੋ ਅਤੇ ਘੋੜੀਆਂ ਦੇ ਮੇਲੇ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਇਸ ਮੌਕੇ ਮੇਲੇ ਦੇ ਪ੍ਰਬੰਧਕ ਬਾਬਾ ਜੋਰਾ ਸਿੰਘ, ਕੁਲਦੀਪ ਸਿੰਘ ਚਹਿਲ, ਦਰਸ਼ਨ ਸਿੰਘ ਕੈਰੋ, ਚਰਨਜੀਤ ਗਿੱਲ, ਹਰਪਾਲ ਸਿੰਘ ਸਿੱਧੂ, ਬਲਵਿੰਦਰ ਸਿੰਘ ਗਿੱਲ ਕੌਂਸਲਰ, ਦਵਿੰਦਰ ਸਿੰਘ ਗੁੱਗੂ, ਤੇਜਾ ਸਿੰਘ ਮਲਕਾਣਾ, ਰਜਿੰਦਰਪਾਲ ਸ਼ਰਮਾ, ਸੁਖਤਾਜ ਸਿੰਘ ਤੂਰ, ਜੈ ਸਿੰਘ ਸਰਾਂ, ਗੁਰਚਰਨ ਖਰਾਸੀਆ ਅਤੇ ਚਮਕੌਰ ਸਿੰਘ ਨੱਤ ਸਮੇਤ ਵੱਡੀ ਗਿਣਤੀ ’ਚ ਸਥਾਨਕ ਲੋਕ ਹਾਜ਼ਰ ਸਨ।