ਸਿਵਲ ਡਿਫੈਂਸ ਦੀ ਸਿਖਲਾਈ ਤੇ ਸਮਰੱਥਾ ਨਿਰਮਾਣ ਵਰਕਸ਼ਾਪ ਲਗਾਈ
ਐਮਆਰਐਸਪੀਟੀਯੂ ਵਿਖੇ ਸਿਵਲ ਡਿਫੈਂਸ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਵਰਕਸ਼ਾਪ ਲਗਾਈ
Publish Date: Fri, 23 Jan 2026 09:34 PM (IST)
Updated Date: Sat, 24 Jan 2026 04:16 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ’ਵਰਸਿਟੀ ਵਿਖੇ ਸੱਤ ਦਿਨਾਂ ਸਿਵਲ ਡਿਫੈਂਸ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਵਰਕਸ਼ਾਪ ਸਮਾਪਤ ਹੋਈ। ਇਸ ਵਰਕਸ਼ਾਪ ਰਾਹੀ ਨੌਜਵਾਨਾਂ ਵਿਚ ਆਫ਼ਤ ਤਿਆਰੀ ਤੇ ਐਮਰਜੈਂਸੀ ਪ੍ਰਤੀਕਿਰਿਆ ਜਾਗਰੂਕਤਾ ਨੂੰ ਮਹੱਤਵਪੂਰਨ ਤੌਰ ’ਤੇ ਮਜ਼ਬੂਤ ਕੀਤਾ। ਸਮਾਪਤੀ ਸਮਾਗਮ ਦੌਰਾਨ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰੋ. ਸੰਜੀਵ ਕੁਮਾਰ ਸ਼ਰਮਾ, ਵਾਈਸ-ਚਾਂਸਲਰ ਐੱਮਆਰਐੱਸਪੀਟੀਯੂ ਨੇ ਭਾਗੀਦਾਰਾਂ ਵੱਲੋਂ ਦਿਖਾਏ ਗਏ ਅਨੁਸ਼ਾਸਨ, ਉਤਸ਼ਾਹ ਅਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਵਿਹਾਰਕ ਸਮਰੱਥਾ-ਨਿਰਮਾਣ ਪ੍ਰੋਗਰਾਮ ਆਫ਼ਤ-ਪ੍ਰਤੀਕਿਰਿਆ ਵਿਧੀ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਹਨ। ਪ੍ਰੋ. ਸ਼ਰਮਾ ਨੇ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਅਤੇ ਸਹਿਯੋਗੀ ਏਜੰਸੀਆਂ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ। ਵਰਕਸ਼ਾਪ ਦਾ ਰਸਮੀ ਉਦਘਾਟਨ ਕਰਨਲ ਏਡੀ ਪਿਤਰੇ, ਕਮਾਂਡਿੰਗ ਅਫ਼ਸਰ, 20 ਬਟਾਲੀਅਨ ਐੱਨਸੀਸੀ ਰਾਹੀਂ ਕੀਤਾ ਗਿਆ, ਜਿਨ੍ਹਾਂ ਨੇ ਆਫ਼ਤ ਤਿਆਰੀ ਤੇ ਭਾਈਚਾਰਕ ਸੁਰੱਖਿਆ ਵਿੱਚ ਸਿਖਲਾਈ ਪ੍ਰਾਪਤ ਵਲੰਟੀਅਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਸਮਾਪਤੀ ਮੌਕੇ ਵਾਈਸ-ਚਾਂਸਲਰ ਦੁਆਰਾ ਹਰੀ ਸਿੰਘ ਮਾਨ (ਜ਼ਿਲ੍ਹਾ ਕਮਾਂਡੈਂਟ), ਲੈਫਟੀਨੈਂਟ ਵਿਵੇਕ ਕੌਂਡਲ, ਏਐਨਓ, 2 ਪੀਬੀਆਰਐਂਡਵੀ ਸਕੁਐਡਰਨ ਐੱਨਸੀਸੀ., ਇੰਜੀ. ਸਿਮਰਦੀਪ ਕੌਰ, ਸੀਟੀਓ, 20 ਪੀਬੀ ਬਟਾਲੀਅਨ ਐਨਸੀਸੀ., ਇੰਸਪੈਕਟਰ ਸੁਖਦੀਪ ਸਿੰਘ ਜੀਦਾ, ਇੰਸਪੈਕਟਰ ਕਰਨ ਸ਼ਾਹ, ਅਤੇ ਇੰਸਪੈਕਟਰ ਵਿਪੁਲ ਯਾਦਵ ਦੀ ਮੌਜੂਦਗੀ ਵਿਚ ਸਫਲ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ।