ਬਿਜਲੀ ਕਾਨੂੰਨ ਰੱਦ ਕਰਨ ਦੀ ਮੰਗ
ਮਗਨਰੇਗਾ ਤੇ ਬਿਜਲੀ ਕਾਨੂੰਨ ਰੱਦ ਕਰਨ ਦੀ ਮੰਗ
Publish Date: Thu, 22 Jan 2026 05:17 PM (IST)
Updated Date: Thu, 22 Jan 2026 05:18 PM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਦੇਸ਼ ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ ਵੱਲੋਂ ਮਨਰੇਗਾ ਬਚਾਓ, ਬਿਜਲੀ ਮੀਟਰ ਐਕਟ 2025 ਰੱਦ ਕਰਵਾਉਣ, ਕਿਰਤ ਕਾਨੂੰਨਾਂ ਅਧੀਨ 12 ਘੰਟੇ ਕੰਮ ਵਾਲੇ ਕਾਨੂੰਨ ਨੂੰ ਰੱਦ ਕਰਵਾਉਣ ਅਤੇ ਹੋਰ ਮਜ਼ਦੂਰ ਤੇ ਲੋਕ-ਹਿੱਤ ਸੰਵਿਧਾਨਕ ਮੰਗਾਂ ਦੀ ਬਹਾਲੀ ਲਈ ਪਿੰਡ-ਪਿੰਡ ਲਾਮਬੰਦੀ ਸ਼ੁਰੂ ਕੀਤੀ ਗਈ ਹੈ। ਇਸ ਲੜੀ ਤਹਿਤ ਪਿੰਡ ਸ਼ੇਖੂ ਦੇ ਵਾਟਰ ਵਰਕਸ ਵਿਚ ਮਜ਼ਦੂਰ ਪਰਿਵਾਰਾਂ ਨਾਲ ਮੀਟਿੰਗ ਕਰ ਕੇ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਸੰਗਠਨ ਦੇ ਆਗੂਆਂ ਨੇ ਕਿਹਾ ਕਿ ਮਨਰੇਗਾ ਦੇ ਕੰਮਾਂ ਦੀ ਬਹਾਲੀ, ਗਰੀਬ-ਹੱਕੀ ਮੰਗਾਂ ਦੀ ਪੂਰੀ ਕਰਨ ਅਤੇ ਨਵੇਂ ਮੀਟਰ ਐਕਟ ਸਮੇਤ ਮਜ਼ਦੂਰ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਸੰਗਠਨ ਦੀ ਮੁੱਖ ਤਰਜੀਹ ਹੈ। ਇਸ ਮੌਕੇ ਲਾਮਬੰਦੀ ਟੀਮ ਵੱਲੋਂ ਪਿੰਡ ਦੇ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਕੱਠੇ ਹੋ ਕੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਗ਼ਰੀਬ ਪਰਿਵਾਰ ਜਾਗਰੂਕ ਹੋ ਕੇ ਆਪਣੇ ਹੱਕਾਂ ਲਈ ਲੜਨ ਤਾਂ ਜੋ ਆਪਣੇ ਅਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੰਵਿਧਾਨਕ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ ਤਾਂ ਦੇਸ਼ ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਵੱਲੋਂ ਵੱਡੇ ਪੱਧਰ ’ਤੇ ਸੰਘਰਸ਼ ਛੇੜਿਆ ਜਾਵੇਗਾ। ਇਸ ਮੌਕੇ ਪਿੰਡ ਸ਼ੇਖੂ ਦੇ ਮਨਰੇਗਾ ਮਜ਼ਦੂਰ ਅਤੇ ਗ਼ਰੀਬ ਪਰਿਵਾਰ ਵੱਡੀ ਗਿਣਤੀ ’ਚ ਆਦਿ ਹਾਜ਼ਰ ਸਨ।