ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਲੋਕ ਪਰੇਸ਼ਾਨ
ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕੋਟਸ਼ਮੀਰ ਦੇ ਲੋਕ ਪ੍ਰੇਸ਼ਾਨ
Publish Date: Wed, 21 Jan 2026 09:10 PM (IST)
Updated Date: Thu, 22 Jan 2026 04:13 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ ਨਗਰ ਕੋਟਸ਼ਮੀਰ ਦੇ ਵਾਰਡ ਨੰਬਰ 3 ਤੇ 4 ਦੇ ਲੋਕਾਂ ਨੇ ਨਗਰ ਪੰਚਾਇਤ ਦੇ ਮੀਤ ਪ੍ਰਧਾਨ ਜਸਕਰਨ ਸਿੰਘ ਸੈਕਟਰੀ ਦੀ ਅਗਵਾਈ ਵਿਚ ਇਕੱਤਰ ਹੋ ਕੇ ਗੰਦੇ ਪਾਣੀ ਦੀ ਸਮੱਸਿਆ ਸਬੰਧੀ ਕਾਰਜਸਾਧਕ ਅਫਸਰ ਨੂੰ ਮਿਲ ਕੇ ਇਸ ਦੇ ਹੱਲ ਦੀ ਮੰਗ ਕੀਤੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਜਸਕਰਨ ਸਿੰਘ ਸੈਕਟਰੀ ਨੇ ਕਿਹਾ ਕਿ ਤਲਵੰਡੀ ਸਾਬੋ ਰੋਡ ਦੇ ਦੋਨੇ ਪਾਸੇ ਬਣੇ ਨਿਕਾਸੀ ਨਾਲਿਆਂ ਦਾ ਗੰਦਾ ਪਾਣੀ ਵਾਰਡ ਦੇ ਗੁਰੂ ਘਰ ਨਾਲ ਲੱਗਦੇ ਛੱਪੜ ’ਚ ਪੈਂਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਛੱਪੜ ਦੇ ਪਾਣੀ ਦੀ ਨਿਕਾਸੀ ਬੰਦ ਪਈ ਹੈ। ਜਿਸ ਸਬੰਧੀ ਨਗਰ ਪੰਚਾਇਤ ਦਫਤਰ ਨੂੰ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ ਪ੍ਰੰਤੂ ਉਨ੍ਹਾਂ ਵੱਲੋਂ ਲੋਕਾਂ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਗੰਦਾ ਪਾਣੀ ਪਿੰਡ ਦੀਆਂ ਮੁੱਖ ਗਲੀਆਂ ਰਾਹੀਂ ਘਰਾਂ ਵਿਚ ਦਾਖਲ ਹੋਣ ਲੱਗਾ ਤੇ ਭਾਈਚਾਰੇ ਵਿਚ ਝਗੜੇ ਹੋਣ ਲੱਗੇ ਹਨ। ਇਸ ਸਬੰਧੀ ਮੀਤ ਪ੍ਰਧਾਨ ਜਸਕਰਨ ਸਿੰਘ ਸੈਕਟਰੀ ਨੇ ਕਿਹਾ ਕਿ ਉਨ੍ਹਾਂ ਈਓ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋ ਦਿਨਾਂ ਵਿਚ ਵਾਰਡ ਵਾਸੀਆਂ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਲੋਕਾਂ ਨੂੰ ਨਾਲ ਲੈ ਕੇ ਨਗਰ ਪੰਚਾਇਤ ਦਫ਼ਤਰ ਦਾ ਘਿਰਾਓ ਕਰਨਗੇ, ਜਿਸਦੀ ਪੂਰੀ ਜਿੰਮੇਵਾਰੀ ਕਾਰਜਸਾਧਕ ਅਫਸਰ ਦੀ ਹੋਵੇਗੀ।