ਬਿਜਲੀ ਸਪਲਾਈ ਬੰਦ ਹੋਣ ਨਾਲ ਸਾਰੇ ਬੈਂਕਾਂ ਦਾ ਕੰਮ-ਕਾਜ ਠੱਪ
ਬਿਜਲੀ ਸਪਲਾਈ ਬੰਦ ਹੋਣ ਨਾਲ ਪਾਵਰਕਾਮ ਦਫ਼ਤਰ ਸਮੇਤ ਸਾਰੇ ਬੈਂਕਾਂ ਦਾ ਕੰਮ ਕਾਜ ਹੋਇਆ ਠੱਪ
Publish Date: Mon, 19 Jan 2026 08:26 PM (IST)
Updated Date: Tue, 20 Jan 2026 04:18 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਪਾਵਰਕਾਮ ਦੇ ਸ਼ਹਿਰੀ ਫੀਡਰ ਸੰਗਤ ਮੰਡੀ ਦੀ ਬਿਜਲੀ ਸਪਲਾਈ ਅਚਾਨਕ ਬੰਦ ਹੋਣ ਕਾਰਨ ਸਬ ਡਵੀਜ਼ਨ ਸੰਗਤ ਦੇ ਦਫ਼ਤਰ ਸਮੇਤ ਮੰਡੀ ਦੇ ਸਾਰੇ ਬੈਂਕਾਂ ਦੇ ਕੰਮਕਾਜ ਠੱਪ ਹੋ ਕੇ ਰਹਿ ਗਏ। ਜਿਸ ਕਰਕੇ ਬਾਹਰੋਂ ਕੰਮ ਲਈ ਆਏ ਲੋਕਾਂ ਨੂੰ ਪੂਰਾ ਦਿਨ ਖੱਜਲ-ਖੁਆਰ ਹੋਣਾ ਪਿਆ। ਸਾਰੇ ਸਰਕਾਰੀ ਦਫ਼ਤਰਾਂ ਦਾ ਅਮਲਾ ਬਿਨਾਂ ਬਿਜਲੀ ਤੋਂ ਵਿਹਲਾ ਬੈਠਣ ਲਈ ਮਜਬੂਰ ਹੋ ਗਿਆ ਤੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਬਿਜਲੀ ਬੰਦ ਹੋਣ ਕਾਰਨ ਲੋਕਾਂ 'ਚ ਅਨਿਸ਼ਚਤਿਤਾ ਦਾ ਮਹੌਲ ਬਣਿਆ ਰਿਹਾ। ਪਿੰਡ ਫੁੱਲੋ ਮਿੱਠੀ ਦੇ ਕਿਸਾਨ ਜਗਵਿੰਦਰ ਸਿੰਘ, ਜੱਸੀ ਬਾਗਵਾਲੀ ਦੇ ਗ਼ੁਲਾਬ ਸਿੰਘ, ਬਲਜਿੰਦਰ ਸਿੰਘ ਅਤੇ ਗੇਜਾ ਸਿੰਘ ਨੇ ਦੱਸਿਆ ਕਿ ਅੱਜ ਸੋਮਵਾਰ ਦਾ ਦਿਨ ਹੋਣ ਕਰਕੇ ਉਹ ਆਪਣੇ ਕੰਮ-ਕਾਜ ਲਈ ਦਫ਼ਤਰ ਆਏ ਸਨ ਪਰ ਬਿਜਲੀ ਵਿਭਾਗ ਵੱਲੋਂ ਬਿਨਾਂ ਕਿਸੇ ਅਗਾਉਂ ਸੂਚਨਾ ਦੇ ਅਚਾਨਕ ਬਿਜਲੀ ਬੰਦ ਕਰਨ ਨਾਲ ਉਨ੍ਹਾਂ ਨੂੰ ਖੱਜਲ ਖੁਆਰੀ ਤੋਂ ਇਲਾਵਾ ਜ਼ਰੂਰੀ ਕੰਮਾਂ ਤੋਂ ਵੀ ਵਾਝਾਂ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਵੱਲੋਂ ਬਿਜਲੀ ਬੰਦ ਦੀ ਸੂਚਨਾ ਦਿੱਤੀ ਹੁੰਦੀ ਤਾਂ ਲੋਕਾਂ ਨੂੰ ਸਰਕਾਰੀ ਦਫ਼ਤਰਾਂ ’ਚ ਖੱਜਲ-ਖੁਆਰ ਨਾ ਹੋਣਾ ਪੈਂਦਾ। ਉਨ੍ਹਾਂ ਪੰਜਾਬ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਿਨਾਂ ਕਿਸੇ ਅਗਾਂਹ ਸੂਚਨਾ ਦੇ ਬਿਜਲੀ ਬੰਦ ਕਰਨ ਵਾਲੇ ਜ਼ਿੰਮੇਵਾਰ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਜਦੋਂ ਸਬ ਡਵੀਜ਼ਨ ਸੰਗਤ ਦੇ ਐੱਸਡੀਓ ਕੇਵਲ ਕੁਮਾਰ ਸੇਠੀ ਨਾਲ ਸੰਪਰਕ ਕਰਕੇ ਪਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਟਾਵਰਾਂ ਦੀ ਮੁਰੰਮਤ ਲਈ 3 ਘੰਟੇ ਦਾ ਪਰਮਿਟ ਲਿਆ ਗਿਆ ਹੈ ਪ੍ਰੰਤੂ ਥੋੜ੍ਹੇ ਸਮੇਂ ਦੇ ਕੰਮ ਲਈ ਅਗਾਉਂ ਸੂਚਨਾ ਠੀਕ ਨਹੀਂ ਸਮਝੀ ਗਈ। ਸਵੇਰੇ 10 ਵਜੇ ਬੰਦ ਹੋਈ ਬਿਜਲੀ ਸਪਲਾਈ ਸ਼ਾਮ ਸਵਾ ਚਾਰ ਵਜੇ ਚਾਲੂ ਕੀਤੀ ਗਈ, ਜਿਸ ਕਾਰਨ ਸੰਗਤ ਮੰਡੀ ਵਿਚ ਪਾਣੀ ਦੀ ਸਪਲਾਈ ਵੀ ਨਹੀਂ ਹੋ ਸਕੀ ਅਤੇ ਬਿਜਲੀ ਨਾਲ ਹੋਣ ਵਾਲੇ ਕੰਮਾਂ ਦੇ ਦੁਕਾਨਦਾਰ ਪੂਰਾ ਦਿਨ ਬਿਜਲੀ ਉਡੀਕਦੇ ਰਹੇ।