ਜ਼ਿਲ੍ਹੇ ਅੰਦਰ 180 ਖੇਡ ਗਰਾਉਂਡਾਂ ਮਿੱਥੇ ਸਮੇਂ ’ਤੇ ਹੋਣਗੀਆਂ ਤਿਆਰ : ਜਤਿੰਦਰ ਭੱਲਾ
ਜ਼ਿਲ੍ਹੇ ਅੰਦਰ 180 ਖੇਡ ਗਰਾਉਂਡ ਨਿਰਧਾਰਤ
Publish Date: Mon, 19 Jan 2026 07:19 PM (IST)
Updated Date: Tue, 20 Jan 2026 04:15 AM (IST)
-ਕਿਹਾ, ਨਸ਼ਿਆਂ ਜਿਹੀਆਂ ਅਲਾਮਤਾਂ ਤੋਂ ਹਟਾ ਕੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਰਕਾਰ ਦਾ ਉਪਰਾਲਾ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,
ਬਠਿੰਡਾ : ਜ਼ਿਲ੍ਹੇ ਅੰਦਰ ਬਣ ਰਹੇ 180 ਖੇਡ ਗਰਾਊਂਡ ਨਿਰਧਾਰਤ ਸਮੇਂ 'ਤੇ ਤਿਆਰ ਕੀਤੇ ਜਾਣਗੇ। ਇਹ ਗੱਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੱਲਾ ਨੇ ਖੇਡ ਗਰਾਊਂਡਾਂ ਨੂੰ ਲੈ ਕੇ ਵੱਖ-ਵੱਖ ਅਧਿਕਾਰੀਆਂ ਨਾਲ ਹੋਈ ਮੀਟਿੰਗ ਸਮੇਂ ਸੰਬੋਧਨ ਕਰਦਿਆਂ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾ ਰਹੀ ਹੈ। ਇਸ ਤਹਿਤ ਜਿੱਥੇ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ, ਉੱਥੇ ਹੀ ਨੌਜਵਾਨਾਂ ਦੀਆਂ ਰੁਚੀਆਂ ਨੂੰ ਉਸਾਰੂ ਪਾਸੇ ਲਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ਅਤੇ ਛੋਟੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਜ਼ਿਲ੍ਹੇ ਅੰਦਰ 180 ਵੱਖ ਵੱਖ ਖੇਡ ਗਰਾਊਂਡ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਗਰਾਊਂਡਾਂ ਨੂੰ ਨਿਰਧਾਰਤ ਸਮੇਂ ਮੁਤਾਬਕ ਤਿਆਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖੇਡ ਗਰਾਊਂਡਾਂ ਨੂੰ ਤਿਆਰ ਕਰਨ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਜਤਿੰਦਰ ਭੱਲਾ ਨੇ ਕਿਹਾ ਕਿ ਇਹ ਖੇਡ ਗਰਾਊਂਡ ਤਿਆਰ ਹੋਣ ਤੋਂ ਬਾਅਦ ਜਿੱਥੇ ਸਾਡੇ ਨੌਜਵਾਨ ਨਸ਼ਿਆਂ ਜਿਹੀਆਂ ਅਲਾਮਤਾਂ ਤੋਂ ਪਾਸੇ ਹੋ ਕੇ ਖੇਡਾਂ ਵੱਲ ਪ੍ਰੇਰਿਤ ਹੋਣਗੇ, ਉੱਥੇ ਹੀ ਇਨ੍ਹਾਂ ਖੇਡ ਗਰਾਊਂਡਾਂ ਦੇ ਸਹਾਰੇ ਨਵੇਂ ਖਿਡਾਰੀਆਂ ਦੀ ਪਨੀਰੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਛੋਟੇ ਬੱਚੇ ਪਹਿਲਾਂ ਤੋਂ ਹੀ ਖੇਡਾਂ ਵੱਲ ਪ੍ਰੇਰਿਤ ਹੋਣ ਤਾਂ ਉਹ ਮਾੜੀਆਂ ਸਮਾਜਿਕ ਅਲਾਮਤਾਂ ਤੋਂ ਬਚ ਸਕਣਗੇ। ਭੱਲਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਅੰਦਰ ਖੇਡਾਂ ਨੂੰ ਪ੍ਰੋਤਸਾਹਿਤ ਕਰਨ ਲਈ ਵਚਨਬੱਧ ਹੈ ਅਤੇ ਇਸ ਲਈ ਠੋਸ ਕਦਮ ਵੀ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਤਿਆਰ ਹੋਣ ਵਾਲੇ 180 ਖੇਡ ਗਰਾਊਂਡਾਂ ਨੂੰ ਲੈ ਕੇ ਅੱਜ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਜਾਇਜ਼ਾ ਲਿਆ ਗਿਆ ਹੈ।