ਬੱਸ ਅੱਡੇ ਦੇ ਨਵੀਨੀਕਰਨ ਦੀ ਆਸ ਨੂੰ ਪਿਆ ਬੂਰਾ : ਬਲਤੇਜ ਵਾਂਦਰ
ਮੌਜੂਦਾ ਥਾਂ ’ਤੇ ਹੀ ਬੱਸ ਅੱਡੇ ਦੇ ਨਵੀਨੀਕਰਨ ਦੀ ਉਮੀਦ ਮਜ਼ਬੂਤ ਹੋਈ : ਬਲਤੇਜ ਵਾਂਦਰ
Publish Date: Mon, 19 Jan 2026 06:09 PM (IST)
Updated Date: Tue, 20 Jan 2026 04:10 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਬੀਤੇ ਦਿਨੀਂ ਬੱਸ ਅੱਡੇ ਦੇ ਨਵੀਨੀਕਰਨ ਸਬੰਧੀ ਦਿੱਤੇ ਗਏ ਬਿਆਨ ਦਾ ਬੱਸ ਅੱਡਾ ਬਚਾਓ ਮੋਰਚੇ ਵੱਲੋਂ ਸਵਾਗਤ ਕੀਤਾ ਗਿਆ ਹੈ। ਮੋਰਚੇ ਦੇ ਆਗੂ ਬਲਤੇਜ ਵਾਂਦਰ ਨੇ ਇਸ ਸਬੰਧੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੰਤਰੀ ਦਾ ਬਿਆਨ ਇਸ ਗੱਲ ਦੀ ਆਸ ਜਗਾਉਂਦਾ ਹੈ ਕਿ ਬੱਸ ਅੱਡੇ ਨੂੰ ਮੌਜੂਦਾ ਥਾਂ ‘ਤੇ ਹੀ ਰੱਖ ਕੇ ਉਸਦਾ ਨਵੀਨੀਕਰਨ ਅਤੇ ਹੋਰ ਅਪਗ੍ਰੇਡ ਕੀਤਾ ਜਾਵੇਗਾ। ਪਿਛਲੇ ਲੰਬੇ ਸਮੇਂ ਤੋਂ ਬੱਸ ਅੱਡਾ ਬਚਾਓ ਮੋਰਚਾ ਇਸੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਿਹਾ ਸੀ ਕਿ ਬੱਸ ਅੱਡੇ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਦੀ ਬਜਾਏ, ਮੌਜੂਦਾ ਥਾਂ ‘ਤੇ ਹੀ ਆਧੁਨਿਕ ਸੁਵਿਧਾਵਾਂ ਨਾਲ ਤਿਆਰ ਕੀਤਾ ਜਾਵੇ, ਤਾਂ ਜੋ ਆਮ ਲੋਕਾਂ, ਵਪਾਰੀਆਂ, ਵਿਦਿਆਰਥੀਆਂ ਅਤੇ ਮਹਿਲਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਬਲਤੇਜ ਵਾਂਦਰ ਨੇ ਕਿਹਾ ਕਿ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਲੋਕ ਰਾਇ ਜਾਣ ਕੇ ਫੈਸਲਾ ਲੈਣ ਦੀ ਗੱਲ ਕਹੀ ਗਈ ਸੀ, ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਪੰਜਾਬ ਸਰਕਾਰ ਬੱਸ ਅੱਡੇ ਦੇ ਮਾਮਲੇ ‘ਚ ਲੋਕਾਂ ‘ਤੇ ਕਿਸੇ ਕਿਸਮ ਦੀ ਧੱਕੇਸ਼ਾਹੀ ਨਹੀਂ ਕਰੇਗੀ ਤੇ ਨਾ ਹੀ ਲੋਕਾਂ ‘ਤੇ ਵਾਧੂ ਆਰਥਿਕ ਜਾਂ ਸਮਾਜਿਕ ਬੋਝ ਪਾਇਆ ਜਾਵੇਗਾ। ਜੇਕਰ ਸਰਕਾਰ ਵੱਲੋਂ ਬੱਸ ਅੱਡੇ ਨੂੰ ਮੌਜੂਦਾ ਥਾਂ ‘ਤੇ ਹੀ ਰੱਖ ਕੇ ਨਵੀਨੀਕਰਨ ਕਰਨ ਸਬੰਧੀ ਲੋਕ-ਪੱਖੀ ਫੈਸਲਾ ਲਿਖਤੀ ਰੂਪ ਵਿਚ ਜਾਰੀ ਕੀਤਾ ਜਾਂਦਾ ਹੈ, ਤਾਂ ‘ਬੱਸ ਅੱਡਾ ਬਚਾਓ’ ਮੋਰਚਾ ਆਪਣੇ ਚੱਲ ਰਹੇ ਅੰਦੋਲਨ ਬਾਰੇ ਵਿਚਾਰ ਕਰਕੇ ਉਸਨੂੰ ਸੰਪੂਰਨ ਕਰਨ ’ਤੇ ਵੀ ਗੰਭੀਰਤਾ ਨਾਲ ਵਿਚਾਰ ਕਰੇਗਾ। ਉਨ੍ਹਾਂ ਕਿਹਾ ਕਿ ਬੱਸ ਅੱਡਾ ਬਚਾਓ ਮੋਰਚੇ ਦੀ ਲੜਾਈ ਕਿਸੇ ਵੀ ਤਰ੍ਹਾਂ ਦੀ ਸਿਆਸੀ ਹੋਂਦ ਜਾਂ ਨਿੱਜੀ ਲਾਭ ਲਈ ਨਹੀਂ ਹੈ, ਸਗੋਂ ਇਹ ਸਿਰਫ਼ ਅਤੇ ਸਿਰਫ਼ ਲੋਕ ਹਿੱਤਾਂ, ਸ਼ਹਿਰ ਦੇ ਵਿਕਾਸ ਅਤੇ ਆਮ ਨਾਗਰਿਕਾਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖ ਕੇ ਲੜੀ ਜਾ ਰਹੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਰਕਾਰ ਲੋਕਾਂ ਦੀ ਭਾਵਨਾ ਨੂੰ ਸਮਝਦਿਆਂ ਜਲਦ ਹੀ ਸਪੱਸ਼ਟ ਅਤੇ ਠੋਸ ਫੈਸਲਾ ਲਏਗੀ।