ਸੀਯੂ ਪੰਜਾਬ ਦੇ ਵਿਦਿਆਰਥੀਆਂ ਵੱਲੋਂ ਏਆਈਯੂ ਨੋਰਥ ਜ਼ੋਨ ਯੂਥ ਫੈਸਟੀਵਲ ’ਚ ਸ਼ਾਨਦਾਰ ਪ੍ਰਦਰਸ਼ਨ
ਸੀਯੂ ਪੰਜਾਬ ਦੇ ਵਿਦਿਆਰਥੀਆਂ ਨੇ ਏਆਈਯੂ ਨੌਰਥ ਜ਼ੋਨ ਯੂਥ ਫੈਸਟੀਵਲ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ
Publish Date: Mon, 12 Jan 2026 08:48 PM (IST)
Updated Date: Tue, 13 Jan 2026 04:15 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੇ ਵਿਦਿਆਰਥੀਆਂ ਨੇ 39ਵੇਂ ਏਆਈਯੂ ਨੌਰਥ ਜ਼ੋਨ ਇੰਟਰ-ਯੂਨੀਵਰਸਿਟੀ ਯੂਥ ਫੈਸਟੀਵਲ (ਯੂਨੀਫੈਸਟ) 2025–26 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਇਹ ਯੂਥ ਫੈਸਟੀਵਲ ਐਸੋਸੀਏਸ਼ਨ ਆਫ਼ ਇੰਡਿਅਨ ਯੂਨੀਵਰਸਿਟੀਜ਼ (ਏਆਈਯੂ) ਵੱਲੋਂ ਆਯੋਜਿਤ ਕੀਤਾ ਗਿਆ। ਸੀਯੂ ਪੰਜਾਬ ਨੇ ਸਮੁੱਚੇ ਤੌਰ ‘ਤੇ ਚੌਥਾ ਸਥਾਨ ਹਾਸਲ ਕੀਤਾ, ਜਦਕਿ ਰੰਗਮੰਚ (ਥੀਏਟਰ) ਸ੍ਰੇਣੀ ਵਿਚ ਪਹਿਲਾ ਉਪਵਿਜੇਤਾ ਦਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਨੇ ਲਘੂ ਨਾਟਿਕਾ (ਸਕਿਟ) ਵਿਚ ਪਹਿਲਾ ਸਥਾਨ, ਮੂਕ ਅਭਿਨਯ, ਭਾਰਤੀ ਸਮੂਹ ਗਾਇਨ, ਗ਼ਜ਼ਲ ਤੇ ਹਿੰਦੀ ਭਾਸ਼ਣ ਵਿਚ ਦੂਜਾ ਸਥਾਨ, ਅੰਗਰੇਜ਼ੀ ਭਾਸ਼ਣ ’ਚ ਤੀਜਾ, ਅੰਗਰੇਜ਼ੀ ਵਾਦ-ਵਿਵਾਦ ਵਿਚ ਚੌਥਾ ਅਤੇ ਸ਼ਾਸਤਰੀ ਗਾਇਨ ਅਤੇ ਰੰਗੋਲੀ ਵਿਚ ਪੰਜਵਾਂ ਸਥਾਨ ਪ੍ਰਾਪਤ ਕੀਤਾ। ਇਹ ਸਫਲਤਾਵਾਂ ਵਿਦਿਆਰਥੀਆਂ ਦੀ ਬਹੁਪੱਖੀ ਪ੍ਰਤਿਭਾ ਤੇ ਸਮਰਪਣ ਨੂੰ ਦਰਸਾਉਂਦੀਆਂ ਹਨ। ਲਘੂ ਨਾਟਿਕਾ ਅਤੇ ਹੋਰ ਮੁਕਾਬਲਿਆਂ ’ਚ ਜੇਤੂ ਵਿਦਿਆਰਥੀਆਂ ਨੇ 39ਵੇਂ ਏਆਈਯੂ ਰਾਸ਼ਟਰੀ ਯੂਥ ਫੈਸਟੀਵਲ 2026 ਲਈ ਆਪਣੀ ਯੋਗਤਾ ਵੀ ਸੁਨਿਸ਼ਚਿਤ ਕੀਤੀ, ਜੋ 10 ਤੋਂ 14 ਮਾਰਚ 2026 ਨੂੰ ਸੱਤਿਆਭਾਮਾ ਇੰਸਟੀਚਿਊਟ ਆਫ਼ ਸਾਇੰਸ ਐਂਡ ਟੈਕਨਾਲੋਜੀ, ਚੇਨਈ ਵਿਖੇ ਕਰਵਾਇਆ ਜਾਵੇਗਾ। ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਸੰਜੀਵ ਠਾਕੁਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉਪਲਬਧੀ ਯੂਨੀਵਰਸਿਟੀ ਦੀ ਖੇਡ ਤੇ ਸੱਭਿਆਚਾਰਕ ਖੇਤਰ ’ਚ ਲਗਾਤਾਰ ਤਰੱਕੀ ਦਾ ਪ੍ਰਤੀਕ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਸਾਰੇ ਵਿਦਿਆਰਥੀਆਂ ਤੇ ਕੋਆਰਡੀਨੇਟਰਾਂ ਨੂੰ ਭਵਿੱਖ ਲਈ ਉਤਸ਼ਾਹਿਤ ਕੀਤਾ।