ਭਾਜਪਾ ਵੱਲੋਂ ਆਤਸ਼ੀ ਦਾ ਪੁਤਲਾ ਫੂਕ ਕੇ ਕੀਤਾ ਵਿਰੋਧ ਰੋਸ ਪ੍ਰਦਰਸ਼ਨ
ਭਾਜਪਾ ਵੱਲੋਂ ਆਤਸ਼ੀ ਮਾਲਣ ਦਾ ਪੁਤਲਾ ਫੂਕ ਕੇ ਕੀਤਾ ਵਿਰੋਧ ਪ੍ਰਦਰਸ਼ਨ
Publish Date: Fri, 09 Jan 2026 08:08 PM (IST)
Updated Date: Fri, 09 Jan 2026 08:09 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਾਂ ਮੰਡੀ : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਵੱਲੋਂ ਵਿਧਾਨ ਸਭਾ ਵਿਚ ਗੁਰੂ ਸਾਹਿਬਾਨ ਸਬੰਧੀ ਕੀਤੀ ਗਈ ਟਿੱਪਣੀ ਦੇ ਵਿਰੋਧ ਵਿਚ ਭਾਜਪਾ ਦੀ ਰਾਮਾ ਮੰਡੀ ਇਕਾਈ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਸਕੱਤਰ ਅਮਨ ਕਾਂਤ ਚੱਠਾ ਦੀ ਅਗਵਾਈ ਹੇਠ ਆਤਸ਼ੀ ਦਾ ਪੁਤਲਾ ਫੂਕਿਆ ਗਿਆ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਅਮਨ ਕਾਂਤ ਚੱਠਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਇਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸਿੱਖ ਵਿਰੋਧੀ ਮਾਨਸਿਕਤਾ ਮੁੜ ਸਾਹਮਣੇ ਆ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਦਿੱਲੀ ਵਿਚ ਤਿੰਨ ਵਾਰ ਸਰਕਾਰ ਬਣਾਉਣ ਦੇ ਬਾਵਜੂਦ ਕੇਜਰੀਵਾਲ ਨੇ ਨਾ ਤਾਂ ਕਿਸੇ ਸਿੱਖ ਨੂੰ ਮੰਤਰੀ ਬਣਾਇਆ ਅਤੇ ਨਾ ਹੀ ਕਿਸੇ ਅਹਿਮ ਅਹੁਦੇ ’ਤੇ ਨਿਯੁਕਤ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਵੱਲੋਂ ਜੇਲ੍ਹ ਵਿਚ ਬੰਦ ਦਵਿੰਦਰ ਪਾਲ ਭੁੱਲਰ ਦੀ ਰਿਹਾਈ ’ਤੇ ਰੋਕ ਲਗਾਈ ਗਈ, ਜੋ ਸਿੱਖ ਭਾਵਨਾਵਾਂ ਨਾਲ ਧੋਖਾ ਹੈ। ਇਸ ਦੇ ਉਲਟ, ਭਾਜਪਾ ਦੀ ਦਿੱਲੀ ਵਿਚ ਸਰਕਾਰ ਬਣਨ ਤੋਂ ਬਾਅਦ ਮਨਜਿੰਦਰ ਸਿੰਘ ਸਰਸਾ ਨੂੰ ਕੈਬਨਿਟ ਮੰਤਰੀ ਬਣਾ ਕੇ ਸਿੱਖ ਸਮਾਜ ਨੂੰ ਮਾਨ-ਸਤਿਕਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਸਾਰੇ ਦੇਸ਼ ਵਿਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸਰਕਾਰੀ ਤੌਰ ’ਤੇ ਮਨਾਏ ਗਏ ਅਤੇ ਦਿੱਲੀ, ਹਰਿਆਣਾ ਸਮੇਤ ਵੱਖ-ਵੱਖ ਸੂਬਿਆਂ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। ਦਿੱਲੀ ਵਿਧਾਨ ਸਭਾ ਵਿੱਚ ਵੀ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ’ਤੇ ਚਰਚਾ ਹੋ ਰਹੀ ਸੀ, ਪਰ ਇਸ ਮੌਕੇ ਆਤਿਸ਼ੀ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨੇ ਆਪ ਦੀ ਸੋਚ ਨੂੰ ਬੇਨਕਾਬ ਕਰ ਦਿੱਤਾ। ਇਸ ਪ੍ਰਦਰਸ਼ਨ ਵਿੱਚ ਦਵਿੰਦਰ ਚੱਠਾ, ਵਿਜੇ ਲਹਿਰੀ, ਤੇਲੂ ਰਾਮ ਨਾਰੰਗ, ਨਿਰਮਲ ਓਸਵਾਲ, ਦਿਨੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਸ਼ਾਮਲ ਹੋਏ।