ਪੁਲਿਸ ਨੇ 115 ਗੁੰਮ ਹੋਏ ਮੋਬਾਈਲ ਮਾਲਕਾਂ ਨੂੰ ਕੀਤੇ ਵਾਪਸ
ਸੀਆਈਈਆਰ ਪੋਰਟਲ ਦੀ ਮਦਦ ਨਾਲ ਪੁਲਿਸ ਨੇ 115 ਗੁੰਮ ਹੋਏ ਮੋਬਾਈਲ ਫੋਨ ਮਾਲਕਾਂ ਨੂੰ ਵਾਪਸ ਕੀਤੇ
Publish Date: Wed, 31 Dec 2025 09:09 PM (IST)
Updated Date: Thu, 01 Jan 2026 04:09 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ ਪੁਲਿਸ ਨੇ ਤਕਨਾਲੋਜੀ ਦੇ ਪ੍ਰਭਾਵਸ਼ਾਲੀ ਇਸਤੇਮਾਲ ਨਾਲ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਸੀਆਈਈਆਰ (ਸੈਂਟਰਲ ਇਕੁਇਪਮੈਂਟ ਆਈਡੈਂਟਿਟੀ ਰਜਿਸਟਰ) ਪੋਰਟਲ ਦੇ ਜ਼ਰੀਏ ਬਠਿੰਡਾ ਪੁਲਿਸ ਦੇ ਸਾਂਝ ਸਟਾਫ ਨੇ 115 ਗੁੰਮ ਹੋਏ ਮੋਬਾਈਲ ਫੋਨ ਸਫਲਤਾਪੂਰਵਕ ਟ੍ਰੇਸ ਕਰਕੇ ਬਰਾਮਦ ਕੀਤੇ ਹਨ। ਇਹ ਕਾਰਵਾਈ ਐਸਐਸਪੀ ਬਠਿੰਡਾ ਦੀ ਅਗਵਾਈ ਹੇਠ ਕੀਤੀ ਗਈ, ਜਿਸਦੇ ਤਹਿਤ ਸਾਰੇ ਮੋਬਾਈਲ ਫੋਨ ਅਸਲੀ ਮਾਲਕਾਂ ਨੂੰ ਵਾਪਸ ਦਿੱਤੇ ਗਏ। ਕਈ ਲੋਕਾਂ ਨੇ ਕਿਹਾ ਕਿ ਮੋਬਾਈਲ ਫੋਨ ਅੱਜ ਸਿਰਫ਼ ਸੰਪਰਕ ਦਾ ਸਾਧਨ ਹੀ ਨਹੀਂ, ਸਗੋਂ ਵਿਅਕਤੀਗਤ ਜਾਣਕਾਰੀ, ਜ਼ਰੂਰੀ ਦਸਤਾਵੇਜ਼, ਬੈਂਕਿੰਗ ਵੇਰਵੇ ਅਤੇ ਯਾਦਾਂ ਨਾਲ ਜੁੜਿਆ ਮਹੱਤਵਪੂਰਣ ਉਪਕਰਨ ਬਣ ਚੁੱਕਾ ਹੈ। ਇਸ ਲਈ ਮੋਬਾਈਲ ਗੁੰਮ ਹੋਣਾ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ। ਮਾਲਕਾਂ ਨੇ ਬਠਿੰਡਾ ਪੁਲਿਸ ਦੀ ਮਿਹਨਤ, ਇਮਾਨਦਾਰੀ ਅਤੇ ਜਨਸੇਵਾ ਭਾਵਨਾ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁੰਮ ਜਾਂ ਚੋਰੀ ਹੋਏ ਮੋਬਾਈਲ ਦੀ ਬਰਾਮਦੀ ਲਈ ਪੋਰਟਲ ਇਕ ਪ੍ਰਭਾਵਸ਼ਾਲੀ ਡਿਜ਼ੀਟਲ ਸਾਧਨ ਹੈ। ਇਸ ਪੋਰਟਲ ਦੇ ਜ਼ਰੀਏ ਮੋਬਾਈਲ ਦੇ ਨੰਬਰ ਦੇ ਆਧਾਰ 'ਤੇ ਉਸ ਨੂੰ ਟ੍ਰੈਕ ਕੀਤਾ ਜਾਂਦਾ ਹੈ। ਪੁਲਿਸ ਨੇ ਇਸ ਤਕਨੀਕ ਦੀ ਵਰਤੋਂ ਕਰਕੇ ਵੱਖ-ਵੱਖ ਖੇਤਰਾਂ ਤੋਂ ਗੁੰਮ ਹੋਏ ਮੋਬਾਈਲ ਫੋਨ ਟ੍ਰੇਸ ਕੀਤੇ ਹਨ। ਐਸਐਸਪੀ ਅਮਨੀਤ ਕੋਂਡਲ ਨੇ ਕਿਹਾ ਕਿ ਪੁਲਿਸ ਦਾ ਮੁੱਖ ਉਦੇਸ਼ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਸਮੇਂ 'ਤੇ ਹੱਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਤਕਨਾਲੋਜੀ ਦੇ ਸਹਿਯੋਗ ਨਾਲ ਪੁਲਿਸ ਆਪਣੀ ਕਾਰਜਪ੍ਰਣਾਲੀ ਨੂੰ ਹੋਰ ਮਜ਼ਬੂਤ ਕਰ ਰਹੀ ਹੈ, ਤਾਂ ਜੋ ਲੋਕਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਸੇਵਾਵਾਂ ਮਿਲ ਸਕਣ। ਉਨ੍ਹਾਂ ਸਾਂਝ ਸਟਾਫ ਦੀ ਕਾਰਜਕੁਸ਼ਲਤਾ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਪੂਰੀ ਲਗਨ ਅਤੇ ਜ਼ਿੰਮੇਵਾਰੀ ਨਾਲ ਇਸ ਕੰਮ ਨੂੰ ਅੰਜਾਮ ਦਿੱਤਾ। ਪੁਲਿਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਦਾ ਮੋਬਾਈਲ ਗੁੰਮ ਜਾਂ ਚੋਰੀ ਹੋ ਜਾਵੇ, ਤਾਂ ਘਬਰਾਉਣ ਦੀ ਲੋੜ ਨਹੀਂ। ਸਭ ਤੋਂ ਪਹਿਲਾਂ ਪੋਰਟਲ 'ਤੇ ਸ਼ਿਕਾਇਤ ਦਰਜ ਕਰਵਾਓ ਅਤੇ ਨਾਲ-ਨਾਲ ਨੇੜਲੇ ਪੁਲਿਸ ਸਟੇਸ਼ਨ ਨੂੰ ਵੀ ਇਸ ਦੀ ਜਾਣਕਾਰੀ ਦਿਓ। ਇਸ ਨਾਲ ਮੋਬਾਈਲ ਨੂੰ ਜਲਦੀ ਬਲਾਕ ਕੀਤਾ ਜਾ ਸਕਦਾ ਹੈ ਅਤੇ ਉਸ ਦੀ ਬਰਾਮਦੀ ਦੀ ਸੰਭਾਵਨਾ ਵਧ ਜਾਂਦੀ ਹੈ।