ਨਸ਼ਾ ਤਸ਼ਕਰੀ ਦੇ ਧੰਦੇ ਨਾਲ ਜੁੜੇ 11 ਵਿਅਕਤੀ ਗ੍ਰਿਫ਼ਤਾਰ
ਨਸ਼ਾ ਤਸ਼ਕਰੀ ਦੇ ਧੰਦੇ ਨਾਲ ਜੁੜੇ 11 ਵਿਅਕਤੀ ਗ੍ਰਿਫ਼ਤਾਰ
Publish Date: Wed, 17 Dec 2025 03:25 PM (IST)
Updated Date: Wed, 17 Dec 2025 03:27 PM (IST)

ਮਨਜੀਤ ਨਰੂਆਣਾ, ਪੰਜਾਬੀ ਜਾਗਰਣ ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਵੱਖ–ਵੱਖ ਥਾਵਾਂ ਤੋਂ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜੇ 11 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ 75.07 ਗ੍ਰਾਮ ਹੈਰੋਇਨ, 610 ਪਾਬੰਦੀਸ਼ੁਦਾ ਕੈਪਸੂਲਾਂ ਅਤੇ 40 ਕਿੱਲੋ ਲਾਹਣ, 20 ਲੀਟਰ ਘਰ ਦੀ ਕੱਢੀ ਸ਼ਰਾਬ ਤੇ ਚਾਲੂ ਭੱਠੀ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਥਾਣਾ ਸਿਵਲ ਲਾਈਨ ਬਠਿੰਡਾ ਦੀ ਪੁਲਿਸ ਪਾਰਟੀ ਨੇ ਸ਼ਹਿਰ ਦੇ ਜਲੇਬੀ ਚੌਕ ਨੇੜਿਓਂ ਇਕ ਵਿਅਕਤੀ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪ੍ਰਦੀਪ ਕੁਮਾਰ ਵਾਸੀ ਪਿੰਡ ਅਜੀਤ ਗਿੱਲ ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ। ਇਸੇ ਤਰ੍ਹਾਂ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਪਾਰਟੀ ਨੇ ਸ਼ਹਿਰ ਦੇ ਮਿੱਤਲ ਮਾਲ ਟਾਵਰ ਕੋਲ ਦੋ ਵਿਅਕਤੀਆਂ ਭਿੰਦਰ ਸਿੰਘ ਅਤੇ ਅਜੈ ਕੁਮਾਰ ਵਾਸੀ ਜਨਤਾ ਨਗਰ ਬਠਿੰਡਾ ਨੂੰ 2 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਕੇ ਮੁਲਜ਼ਮ ਭਿੰਦਰ ਸਿੰਘ ਨੂੰ ਬਰਜ਼ਮਾਨਤ ਰਿਹਾਅ ਕਰ ਦਿੱਤਾ ਹੈ ਜਦਕਿ ਅਜੇ ਕੁਮਾਰ ਨੂੰ ਹਵਾਲਾਤ ’ਚ ਬੰਦ ਕਰ ਦਿੱਤਾ ਗਿਆ ਹੈ। ਥਾਣਾ ਸਦਰ ਬਠਿੰਡਾ ਦੀ ਪੁਲਿਸ ਪਾਰਟੀ ਨੇ ਪਿੰਡ ਬੀੜ ਤਲਾਬ ਵਿਖੇ ਪਿੰਡ ਦੇ ਮਨਜੀਤ ਸਿੰਘ ਨੂੰ 11 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਨੇਹੀਆਂਵਾਲਾ ਦੀ ਪੁਲਿਸ ਪਾਰਟੀ ਨੇ ਗੋਨਿਆਣਾ ਮੰਡੀ ਨਜ਼ਦੀਕ ਤੋਂ ਸਤਨਾਮ ਸਿੰਘ ਵਾਸੀ ਜੀਦਾ ਨੂੰ 2 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਧਰ, ਥਾਣਾ ਭਗਤਾ ਭਾਈਕਾ ਦੀ ਪੁਲਿਸ ਪਾਰਟੀ ਨੇ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਪਿੰਡ ਦੇ ਹੀ ਇਕ ਵਿਅਕਤੀ ਰਣਜੀਤ ਸਿੰਘ ਨੂੰ 40 ਲੀਟਰ ਲਾਹਣ, 20 ਲੀਟਰ ਘਰ ਦੀ ਕੱਢੀ ਸ਼ਰਾਬ ਅਤੇ ਭੱਠੀ ਦੇ ਸਾਮਾਨ ਸਮੇਤ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਭਗਤਾ ਭਾਈਕਾ ਦੀ ਪੁਲਿਸ ਪਾਰਟੀ ਨੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਬਲਵੀਰ ਸਿੰਘ ਵਾਸੀ ਸਲਾਬਤਪੁਰਾ ਨੂੰ 100 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਉਕਤ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਬਰਜ਼ਮਾਨਤ ਰਿਹਾਅ ਕਰ ਦਿੱਤਾ ਹੈ। ਇਸੇ ਤਰ੍ਹਾਂ ਥਾਣਾ ਕੋਟਫੱਤਾ ਦੀ ਪੁਲਿਸ ਪਾਰਟੀ ਨੇ ਪਿੰਡ ਭਾਈ ਬਖਤੌਰ ਵਿਖੇ ਇਕ ਵਿਅਕਤੀ ਨੂੰ 6.40 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸਤਪਾਲ ਸਿੰਘ ਵਾਸੀ ਮਾਈਸਰਖਾਨਾ ਵਜੋਂ ਹੋਈ ਹੈ। ਇਸੇ ਤਰ੍ਹਾਂ ਥਾਣਾ ਮੌੜ ਦੀ ਪੁਲਿਸ ਪਾਰਟੀ ਨੇ ਪਿੰਡ ਮੌੜ ਕਲਾਂ ਵਿਖੇ ਪਿੰਡ ਦੇ ਹੀ ਇਕ ਵਿਅਕਤੀ ਮੁਹੰਮਦ ਰਮਜ਼ਾਨ ਨੂੰ 60 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਸੰਗਤ ਦੀ ਪੁਲਿਸ ਪਾਰਟੀ ਨੇ ਪਿੰਡ ਨਰ ਸਿੰਘ ਕਾਲੋਨੀ ਵਿਖੇ ਗੁਰਸੇਵਕ ਸਿੰਘ ਵਾਸੀ ਸੰਗਤ ਮੰਡੀ ਨੂੰ 450 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਬਰਜ਼ਮਾਨਤ ਰਿਹਾਅ ਕਰ ਦਿੱਤਾ। ਇਸ ਤੋਂ ਇਲਾਵਾ ਥਾਣਾ ਨੰਦਗੜ੍ਹ ਦੀ ਪੁਲਿਸ ਪਾਰਟੀ ਨੇ ਪਿੰਡ ਲੂਲਬਾਈ ਵਿਖੇ ਪਿੰਡ ਦੇ ਹੀ ਇਕ ਵਿਅਕਤੀ ਗੁਰਮੀਤ ਸਿੰਘ ਨੂੰ 3.67 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਕਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਬਾਅਦ ’ਚ ਉਸ ਨੂੰ ਬਰਜ਼ਮਾਨਤ ਰਿਹਾਅ ਕਰ ਦਿੱਤਾ ਗਿਆ ।